ਹਾਂਗਕਾਂਗ ਧਮਾਕੇ ਦੀ ਸਾਜ਼ਿਸ਼ ਤਹਿਤ ਛੇ ਵਿਦਿਆਰਥੀਆਂ ਸਣੇ ਨੌਂ ਗ੍ਰਿਫ਼ਤਾਰ


ਹਾਂਗਕਾਂਗ: ਹਾਂਗਕਾਂਗ ਪੁਲੀਸ ਨੇ ਧਮਾਕਾਖੇਜ਼ ਸਮੱਗਰੀ ਬਣਾਉਣ ਅਤੇ ਸ਼ਹਿਰ ਵਿੱਚ ਬੰਬ ਲਾਉਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਛੇ ਸਕੂਲੀ ਵਿਦਿਆਰਥੀਆਂ ਸਣੇ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਂਗਕਾਂਗ ਵਿੱਚ ਸਿਆਸੀ ਤਣਾਅ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ। ਲਗਪਗ ਦੋ ਸਾਲ ਪਹਿਲਾਂ ਇੱਥੇ ਸਰਕਾਰ ਵਿਰੋਧੀ ਹੋਏ ਪ੍ਰਦਰਸ਼ਨਾਂ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜੋ ਕਈ ਮਹੀਨੇ ਚੱਲੇ ਸਨ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਇਹ ਵਿਅਕਤੀ ਇੱਕ ਹੋਸਟਲ ਵਿੱਚ ਧਮਾਕਾਖੇਜ ਸਮੱਗਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੀ ਯੋਜਨਾ ਸ਼ਹਿਰ ਦੀਆਂ ਅਦਾਲਤਾਂ, ਸੁਰੰਗਾਂ, ਰੇਲਵੇ ਸਟੇਸ਼ਨਾਂ, ਸੜਕ ‘ਤੇ ਲੱਗੇ ਕੂੜੇਦਾਨਾਂ ਵਿੱਚ ਬੰਬ ਲਾਉਣ ਦੀ ਸੀ। ਹਾਂਗਕਾਂਗ ਦੇ ਪੁਲੀਸ ਦੇ ਕੌਮੀ ਸੁਰੱਖਿਆ ਵਿਭਾਗ ਦੇ ਐੱਸਪੀ ਲੀ ਕਵਾਈ-ਵਾਹ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ਵਿੱਚ ਪੰਜ ਪੁਰਸ਼ ਅਤੇ ਚਾਰ ਮਹਿਲਾਵਾਂ ਹਨ, ਜਿਨ੍ਹਾਂ ਦੀ ਉਮਰ 15 ਤੋਂ 39 ਸਾਲ ਹੈ। -ਏਪੀSource link