ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੈਬਨਿਟ ‘ਚ ਵੱਡੇ ਫੇਰਬਦਲ ਤੋਂ ਇਕ ਦਿਨ ਮਗਰੋਂ ਅੱਜ ਨਵੇਂ ਮੰਤਰੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਪੁਰਾਣੇ ਮੰਤਰੀਆਂ ਨੂੰ ਮਿਲਣ ਤੇ ਉਨ੍ਹਾਂ ਦੇ ਤਜਰਬੇ ਤੋਂ ਸਬਕ ਲੈਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੁਣ ਵਜ਼ਾਰਤ ਦਾ ਹਿੱਸਾ ਨਹੀਂ ਹਨ, ਉਨ੍ਹਾਂ ਦਾ ਵੀ ਵੱਡਾ ਯੋਗਦਾਨ ਹੈ ਤੇ ਨਵੇਂ ਮੰਤਰੀ ਉਨ੍ਹਾਂ ਤੋਂ ਸਿੱਖ ਸਕਦੇ ਹਨ। ਉਨ੍ਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਸਮੇਂ ਸਿਰ ਦਫ਼ਤਰ ਪੁੱਜਣ ਤੇ ਆਪਣੀ ਸਾਰੀ ਊਰਜਾ ਮੰਤਰਾਲੇ ਨਾਲ ਸਬੰਧਤ ਕੰਮਾਂ ‘ਤੇ ਲਾਉਣ। ਉਨ੍ਹਾਂ ਸਲਾਹ ਦਿੱਤੀ ਕਿ ਮੰਤਰੀ ਬੇਲੋੜੇ ਬਿਆਨ ਦੇਣ ਤੋਂ ਗੁਰੇਜ਼ ਕਰਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹਿੱਲ ਸਟੇਸ਼ਨਾਂ ਤੇ ਬਾਜ਼ਾਰਾਂ ਵਿੱਚ ਲੋਕਾਂ ਵੱਲੋਂ ਬਿਨਾਂ ਮਾਸਕ ਤੇ ਸਮਾਜਿਕ ਦੂਰੀ ਨੇਮਾਂ ਦੀ ਉਲੰਘਣਾ ਕਰਦਿਆਂ ਘੁੰਮਣ ਫਿਰਨ ‘ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੋਵਿਡ ਖਿਲਾਫ਼ ਲੜਾਈ ਅਜੇ ਵੀ ਜਾਰੀ ਹੈ ਤੇ ਇਸ ਮੌਕੇ ਅਣਗਹਿਲੀ ਜਾਂ ਲਾਪਰਵਾਹੀ ਵਰਤਣ ਦਾ ਜੋਖ਼ਮ ਨਹੀਂ ਲਿਆ ਜਾ ਸਕਦਾ। -ਪੀਟੀਆਈ