ਬੇਅਦਬੀ ਮਾਮਲਾ: ਐੱਫਆਈਆਰ ’ਚ ਡੇਰਾ ਮੁਖੀ ਦਾ ਨਾਮ ਸੀ ਪਰ ਚਲਾਨ ’ਚੋਂ ਕਿਉਂ ਕੱਢਿਆ: ਅਕਾਲ ਤਖ਼ਤ ਦੇ ਜਥੇਦਾਰ ਦਾ ਇਤਰਾਜ਼

ਬੇਅਦਬੀ ਮਾਮਲਾ: ਐੱਫਆਈਆਰ ’ਚ ਡੇਰਾ ਮੁਖੀ ਦਾ ਨਾਮ ਸੀ ਪਰ ਚਲਾਨ ’ਚੋਂ ਕਿਉਂ ਕੱਢਿਆ: ਅਕਾਲ ਤਖ਼ਤ ਦੇ ਜਥੇਦਾਰ ਦਾ ਇਤਰਾਜ਼


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 14 ਜੁਲਾਈ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲੇ ਵਿੱਚ ਸਰਕਾਰ ਵੱਲੋਂ ਨਵੀਂ ਬਣਾਈ ਜਾਂਚ ਟੀਮ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਚਲਾਨ ‘ਤੇ ਇਤਰਾਜ਼ ਕਰਦਿਆਂ ਦੋਸ਼ ਲਾਇਆ ਕਿ ਇਸ ਵਿੱਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਐੱਫਆਈਆਰ ਨੰਬਰ 63 ਵਿੱਚ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਸ਼ਾਮਲ ਸੀ। ਇਹ ਨਾਂ ਡੇਰਾ ਸਮਰਥਕ ਮਹਿੰਦਰ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ‘ਤੇ ਸ਼ਾਮਲ ਕੀਤਾ ਗਿਆ ਸੀ ਪਰ ਨਵੀਂ ਬਣੀ ਜਾਂਚ ਟੀਮ ਨੇ ਪਰਸੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ, ਜੋ ਇਸ ਵੇਲੇ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਹੈ. ਨੂੰ ਪੰਜਾਬ ਵਿੱਚ ਲਿਆ ਕੇ ਪੁੱਛ ਪੜਤਾਲ ਕੀਤੀ ਜਾਣੀ ਚਾਹੀਦੀ ਸੀ ਪਰ ਹੁਣ ਉਸ ਦਾ ਨਾਮ ਹੀ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਟੀਮ ਮਾਮਲੇ ਨੂੰ ਜਨਤਕ ਕਰੇ ਕਿ ਉਸ ਨੇ ਚਲਾਨ ਵਿੱਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਬਾਹਰ ਕਿਉਂ ਕੱਢਿਆ। ਉਨ੍ਹਾਂ ਕਿਹਾ ਕਿ 16 ਜੁਲਾਈ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਸੱਦੀ ਮੀਟਿੰਗ ਵਿਚ ਇਸ ਮਾਮਲੇ ਨੂੰ ਵੀ ਰੱਖਿਆ ਜਾਵੇਗਾ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ, ਜਿਸ ਤਹਿਤ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਸੁਚੇਤ ਕੀਤਾ ਕਿ ਬੇਅਦਬੀ ਮਾਮਲੇ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ ਇਹ ਮਾਮਲਾ ਸਿੱਖਾਂ ਦੀਆਂ ਭਾਵਨਾਵਾਂ ਦਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸਾਲ 2015 ਵਿਚ ਜਦੋਂ ਇਹ ਘਟਨਾਵਾਂ ਹੋਈਆਂ ਸਨ ਉਹ ਖ਼ੁਦ ਉਸ ਵੇਲੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਮੁੱਖ ਗ੍ਰੰਥੀ ਸਨ, ਜਿਥੇ ਬੇਅਦਬੀ ਕੀਤੇ ਅੰਗਾਂ ਦੀ ਸਪੁਰਦਗੀ ਉਨ੍ਹਾਂ ਨੇ ਹਾਸਲ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤੱਕ ਇਸ ਮਾਮਲੇ ਬਾਰੇ ਜਿੰਨੀਆਂ ਵੀ ਜਾਂਚ ਟੀਮਾਂ ਬਣੀਆਂ ਹਨ ਉਨ੍ਹਾਂ ਨੇ ਸਿੱਖਾਂ ਨੂੰ ਨਿਆਂ ਨਹੀਂ ਦਿੱਤਾ, ਸਗੋਂ ਇਹ ਜਾਂਚ ਸਿਆਸਤ ਤੋਂ ਪ੍ਰੇਰਿਤ ਰਹੀ ਹੈ।



Source link