ਘਿਰਾਓ ਦੇ ਡਰੋਂ ਤਹਿਸੀਲ ਨਹੀਂ ਪਹੁੰਚਿਆ ਹਰਜੀਤ ਗਰੇਵਾਲ

ਘਿਰਾਓ ਦੇ ਡਰੋਂ ਤਹਿਸੀਲ ਨਹੀਂ ਪਹੁੰਚਿਆ ਹਰਜੀਤ ਗਰੇਵਾਲ


ਹਰਜੀਤ ਸਿੰਘ
ਜ਼ੀਰਕਪੁਰ, 14 ਜੁਲਾਈ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਅੱਜ ਇੱਥੇ ਸਬ-ਤਹਿਸੀਲ ਕੰਪਲੈਕਸ ਪੁੱਜਣਾ ਸੀ ਪਰ ਕਿਸਾਨਾਂ ਦੇ ਰੋਸ ਕਾਰਨ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।

ਜਾਣਕਾਰੀ ਅਨੁਸਾਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅੱਜ ਆਪਣੀ ਪ੍ਰਾਪਰਟੀ ਸਬੰਧੀ ਪਾਵਰਾਂ ਆਪਣੇ ਲੜਕੇ ਪ੍ਰਤੀਕ ਗਰੇਵਾਲ ਨੂੰ ਦੇਣ ਲਈ ਜ਼ੀਰਕਪੁਰ ਸਬ-ਤਹਿਸੀਲ ਵਿੱਚ ਸਮਾਂ ਲਿਆ ਸੀ। ਇਸ ਦੀ ਭਿਣਕ ਲੱਗਦਿਆਂ ਹੀ ਕਿਸਾਨ ਸਬ-ਤਹਿਸੀਲ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪਰ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਹਰਜੀਤ ਗਰੇਵਾਲ ਤਹਿਸੀਲ ਪਹੁੰਚਿਆ ਹੀ ਨਹੀਂ। ਕਿਸਾਨ ਤਹਿਸੀਲ ਬੰਦ ਹੋਣ ਤੱਕ ਭਾਜਪਾ ਆਗੂ ਦੀ ਉਡੀਕ ਕਰਦੇ ਰਹੇ ਪਰ ਜਦੋਂ ਸ਼ਾਮ ਤੱਕ ਜਦ ਆਗੂ ਨਾ ਪੁੱਜਿਆ ਤਾਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਉਂਝ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਸਬ-ਤਹਿਸੀਲ ਵਿੱਚ ਵੱਡੀ ਗਿਣਤੀ ‘ਚ ਪੁਲੀਸ ਫੋਰਸ ਤਾਇਨਾਤ ਸੀ। ਕਿਸਾਨ ਆਗੂ ਕਰਮ ਸਿੰਘ ਕਾਰਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ, ਜਿਸ ਕਾਰਨ ਉਸ ਨੂੰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਭਾਜਪਾ ਆਗੂ ਨੇ ਅੱਜ ਆਪਣੇ ਲੜਕੇ ਦੇ ਨਾਂ ਪਾਵਰ ਆਫ ਅਟਾਰਨੀ ਕਰਵਾਉਣ ਲਈ ਸਮਾਂ ਲਿਆ ਸੀ ਪਰ ਉਹ ਪਹੁੰਚੇ ਨਹੀਂ।



Source link