ਕਾਂਗਰਸ ਦੇ ਕਾਟੋ-ਕਲੇਸ਼ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ: ਭਗਵੰਤ ਮਾਨ

ਕਾਂਗਰਸ ਦੇ ਕਾਟੋ-ਕਲੇਸ਼ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ: ਭਗਵੰਤ ਮਾਨ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 18 ਜੁਲਾਈ

ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਕਿਹਾ ਕਿ ਕੁਰਸੀ ਲਈ ਚੱਲ ਰਹੇ ਕਾਂਗਰਸੀ ਕਾਟੋ-ਕਲੇਸ਼ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਵੱਡਾ ਨੁਕਸਾਨ ਕੀਤਾ ਹੈ। ਹੁਣ ਆਗਾਮੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਵੱਡੇ-ਛੋਟੇ ਆਗੂ ਕੁਰਸੀ ਬਚਾਉਣ ਲਈ ਲੜ ਰਹੇ ਹਨ। ਕੁਰਸੀ ਦੀ ਇਸ ਭੁੱਖ ਨੇ ਪੰਜਾਬ, ਪੰਜਾਬ ਦੀ ਕਿਸਾਨੀ, ਜਵਾਨੀ, ਵਪਾਰ-ਕਾਰੋਬਾਰ, ਮਹਿਲਾਵਾਂ, ਬਜ਼ੁਰਗਾਂ, ਸਕੂਲਾਂ, ਸਿਹਤ ਸੇਵਾਵਾਂ, ਅਮਨ-ਕਾਨੂੰਨ ਅਤੇ ਵਿੱਤੀ ਸੰਕਟ ਸਮੇਤ ਪੰਜਾਬੀਅਤ ਨਾਲ ਜੁੜੇ ਮੁੱਦੇ ਰੋਲ ਕੇ ਰੱਖ ਦਿੱਤੇ ਹਨ। ਮਾਨ ਨੇ ਕਿਹਾ ਕਿ ਕਾਂਗਰਸ ਦੀ ਇਸ ਅੰਦਰੂਨੀ ਅੱਗ ਨੂੰ ਜਨਤਾ ਦੇ ਖ਼ੂਨ-ਪਸੀਨੇ ਨਾਲ ਬੁਝਾਉਣ ਦੀਆਂ ਕੋਸ਼ਿਸ਼ ਹੋ ਰਹੀਆਂ ਹਨ। ਪਿਛਲੀ ਬਾਦਲ ਸਰਕਾਰ ਵਾਂਗ ਨਿਯਮਾਂ ਨੂੰ ਛਿੱਕੇ ਟੰਗ ਕੇ ਹਰੀਸ਼ ਰਾਵਤ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰ ਰਹੇ ਹਨ। ਹੈਲੀਕਾਪਟਰ ਕਾਂਗਰਸ ਜਾਂ 10 ਜਨਪਥ ਦੇ ਪੈਸੇ ਨਾਲ ਨਹੀਂ ਸਗੋਂ ਲੋਕਾਂ ਵੱਲੋਂ ਭਰੇ ਜਾਂਦੇ ਟੈਕਸ ਦੇ ਪੈਸੇ ਨਾਲ ਉੱਡਦਾ ਹੈ। ਇਸੇ ਤਰ੍ਹਾਂ ਕੁਰਸੀ ਖੋਹਣ ਅਤੇ ਬਚਾਉਣ ਲਈ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕਾਰਾਂ ਦੇ ਕਾਫ਼ਲੇ ਦਿੱਲੀ-ਚੰਡੀਗੜ੍ਹ-ਪਟਿਆਲਾ ਦੌੜ ਰਹੇ ਹਨ। ਉਨ੍ਹਾਂ ਦਾ ਤੇਲ ਵੀ ਕਾਂਗਰਸੀਆਂ ਦੀਆਂ ਜੇਬਾਂ ‘ਚੋਂ ਨਹੀਂ ਸਰਕਾਰੀ ਖ਼ਜ਼ਾਨੇ ‘ਚੋਂ ਪੈ ਰਿਹਾ ਹੈ। ‘ਆਪ’ ਆਗੂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ‘ਚ ਬਰਗਾੜੀ, ਬੇਰੁਜ਼ਗਾਰੀ, ਬਿਜਲੀ, ਕਿਸਾਨ-ਮਜ਼ਦੂਰ, ਕਰਜ਼ਿਆਂ ਸਮੇਤ ਹਰ ਮੁੱਦੇ ‘ਤੇ ਫੇਲ੍ਹ ਰਹਿਣ ਵਾਲੀ ਕਾਂਗਰਸ ਨੂੰ ਪੰਜਾਬੀ ਆਗਾਮੀ ਚੋਣਾਂ ‘ਚ ਸਬਕ ਸਿਖਾਉਣਗੇ।



Source link