ਜੌਹੈਨਸਬਰਗ, 19 ਜੁਲਾਈ
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੂਮਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਅੱਜ ਸੁਣਵਾਈ ਸ਼ੁਰੂ ਹੋ ਗਈ ਹੈ। ਇੱਕ ਵੱਖਰੇ ਮਾਮਲੇ ‘ਚ ਅਦਾਲਤੀ ਹੱਤਕ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਹਫ਼ਤੇ ਬਾਅਦ ਇਹ ਸੁਣਵਾਈ ਸ਼ੁਰੁ ਹੋਈ ਹੈ। ਜੂਮਾ ‘ਤੇ 1999 ‘ਚ ਦੇਸ਼ ਦੇ ਵਿਵਾਦਤ ਹਥਿਆਰ ਸੌਦੇ ਨਾਲ ਜੁੜੇ ਫਰਾਂਸੀਸੀ ਹਥਿਆਰ ਨਿਰਮਾਤਾ ਥੇਲਸ ਤੋਂ ਕਥਿਤ ਤੌਰ ‘ਤੇ ਰਿਸ਼ਵਤ ਲੈਣ ਦਾ ਦੋਸ਼ ਹੈ। ਸੁਣਵਾਈ ਡਿਜੀਟਲ ਢੰਗ ਨਾਲ ਹੋ ਰਹੀ ਹੈ ਪਰ ਜੂਮਾ ਦੇ ਵਕੀਲ ਕਾਰਵਾਈ ਮੁਲਤਵੀ ਕਰਨ ਦੀ ਮੰਗ ਕਰ ਸਕਦੇ ਹਨ ਤਾਂ ਜੋ ਉਹ ਸਰੀਰਕ ਤੌਰ ‘ਤੇ ਅਦਾਲਤ ‘ਚ ਪੇਸ਼ ਹੋ ਸਕਣ। ਇਸ ਮਹੀਨੇ ਦੀ ਸ਼ੁਰੂਆਤ ‘ਚ ਜੂਮਾ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਸੂਬੇ ਕਵਾਜੁਲੂ-ਨਟਾਲ ਤੇ ਗੌਟੈਂਗ ‘ਚ ਵੱਡੇ ਪੱਧਰ ‘ਤੇ ਬਦਅਮਨੀ ਫੈਲ ਗਈ ਸੀ। -ਪੀਟੀਆਈ