ਨਵੀਂ ਦਿੱਲੀ: ਸੂਚਨਾ ਤਕਨੀਕ ਤੇ ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪੈਗਾਸਸ ਸਪਾਈਵੇਅਰ ਰਾਹੀਂ ਭਾਰਤੀ ਸਿਆਸਤਦਾਨਾਂ, ਪੱਤਰਕਾਰਾਂ ਤੇ ਹੋਰਾਂ ਦੀ ਜਾਸੂਸੀ ਕਰਨ ਸਬੰਧੀ ਖ਼ਬਰਾਂ ਨੂੰ ਅੱਜ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਅਜਿਹਾ ਭਾਰਤੀ ਲੋਕਤੰਤਰ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਜਦੋਂ ਕੰਟਰੋਲ ਤੇ ਨਿਗਰਾਨੀ ਪਹਿਲਾਂ ਤੋਂ ਹੈ ਤਾਂ ਕਿਸੇ ਗੈਰ-ਅਧਿਕਾਰਤ ਵਿਅਕਤੀ ਵੱਲੋਂ ਗ਼ੈਰਕਾਨੂੰਨੀ ਨਿਗਰਾਨੀ ਸੰਭਵ ਨਹੀਂ ਹੈ। ਲੋਕ ਸਭਾ ‘ਚ ਮਾਮਲੇ ਦਾ ਖੁਦ ਹੀ ਨੋਟਿਸ ਲੈਣ ਦੇ ਆਧਾਰ ‘ਤੇ ਦਿੱਤੇ ਬਿਆਨ ‘ਚ ਉਨ੍ਹਾਂ ਕਿਹਾ ਮੌਨਸੂਨ ਸੈਸ਼ਨ ਤੋਂ ਠੀਕ ਇੱਕ ਦਿਨ ਪਹਿਲਾਂ ਜਾਸੂਸੀ ਬਾਰੇ ਮੀਡੀਆ ਰਿਪੋਰਟਾਂ ਸਾਹਮਣੇ ਆਉਣਾ ਕੋਈ ਇਤਫਾਕ ਨਹੀਂ ਹੋ ਸਕਦਾ ਅਤੇ ਇਸ ਮਾਮਲੇ ਪਿੱਛੇ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਾਹਮਣੇ ਆਈ ਮੀਡੀਆ ਰਿਪੋਰਟ ਭਾਰਤੀ ਲੋਕਤੰਤਰ ਤੇ ਇਸ ਦੀਆਂ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।
ਵਿਰੋਧੀ ਪਾਰਟੀਆਂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ‘ਚ ਇਸ ਮੁੱਦੇ ‘ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਸਰਕਾਰ ‘ਤੇ ਜਾਸੂਸੀ ਕਰਨ ਦਾ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਸੰਸਦੀ ਜਾਂ ਜੁਡੀਸ਼ਲ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਸੂਚਨਾ ਤੇ ਤਕਨੀਕ ਮੰਤਰੀ ਦਾ ਬਿਆਨ ਮੀਡੀਆ ‘ਚ ਆਈ ਰਿਪੋਰਟ ਦੇ ਮੱਦੇਨਜ਼ਰ ਸਾਹਮਣੇ ਆਇਆ ਹੈ ਕਿ ਕੁਝ ਸਿਆਸੀ ਆਗੂਆਂ, ਸਰਕਾਰੀ ਅਧਿਕਾਰੀਆਂ, ਪੱਤਰਕਾਰਾਂ ਸਮੇਤ ਕਈ ਭਾਰਤੀਆਂ ਦੀ ਨਿਗਰਾਨੀ ਲਈ ਪੈਗਾਸਸ ਸਪਾਈਵੇਅਰ ਦੀ ਵਰਤੋਂ ਕੀਤੀ ਗਈ ਸੀ। ਕੇਂਦਰੀ ਮੰਤਰੀ ਵੈਸ਼ਨਵ ਨੇ ਕਿਹਾ, ‘ਲੰਘੀ ਰਾਤ ਇੱਕ ਵੈੱਬ ਪੋਰਟਲ ਰਾਹੀਂ ਸਨਸਨੀਖੇਜ਼ ਖ਼ਬਰ ਪ੍ਰਕਾਸ਼ਿਤ ਕੀਤੀ ਗਈ। ਇਹ ਪ੍ਰੈੱਸ ਰਿਪੋਰਟ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਸਾਹਮਣੇ ਆਈ ਹੈ। ਇਹ ਇਤਫਾਕ ਨਹੀਂ ਹੋ ਸਕਦਾ। ਪਹਿਲਾਂ ਵੀ ਵੱਟਸਐੱਪ ‘ਤੇ ਪੈਗਾਸਸ ਦੀ ਵਰਤੋਂ ਕਰਨ ਦਾ ਦਾਅਵਾ ਸਾਹਮਣੇ ਆਇਆ ਸੀ। ਇਨ੍ਹਾਂ ਖ਼ਬਰਾਂ ਦਾ ਕੋਈ ਆਧਾਰ ਨਹੀਂ ਹੈ ਅਤੇ ਸਾਰੀਆਂ ਧਿਰਾਂ ਨੇ ਇਸ ਤੋਂ ਇਨਕਾਰ ਕੀਤਾ ਹੈ।’ – ਪੀਟੀਆਈ