ਛਾਵਾਂ ਫਿਰਨ ਗੁਆਚੀਆਂ ਧੁੱਪਾਂ ਲਹੂ ਲੁਹਾਣ।
ਪਹਿਰੇਦਾਰਾ ਜਾਗ ਪਉ, ਸੌਂ ਨਾ ਲੰਮੀਆਂ ਤਾਣ।
ਜਿਉਂ ਸਤਰੰਗੀ ਪੀਂਘ ਹੈ ਮੋਰ ਪੰਖ ਵਿੱਚ ਰੰਗ।
ਵਾਹ ਉਇ ਸਿਰਜਣਹਾਰਿਆ, ਵੇਖ ਕੇ ਹੋਵਾਂ ਦੰਗ।
ਫ਼ਲੀਆਂ ਜਿਵੇਂ ਸ਼ਰੀਂਹ ਦੀਆਂ ਪੱਤਝੜ ਦੀ ਛਣਕਾਰ।
ਪੌਣ ਕਰੇ ਅਠਖੇਲੀਆਂ, ਹੋ ਕੇ ਪੱਬਾਂ ਭਾਰ।
ਸਾਉਣ ਮਹੀਨਾ ਚੜ੍ਹ ਪਿਆ, ਗੋਡੇ ਗੋਡੇ ਘਾਹ।
ਹੁੰਮਸ ਵੀ ਮੂੰਹ ਜ਼ੋਰ ਹੈ, ਔਖੇ ਲੈਣੇ ਸਾਹ।
ਬਾਸਮਤੀ ਦੀਆਂ ਮੁੰਜਰਾਂ ਦਾਣੇ ਬਣਿਆ ਬੂਰ।
ਧਰਤੀ ਮਹਿਕਾਂ ਵੰਡਦੀ, ਝੂਮੇ ਹੋ ਮਖ਼ਮੂਰ।
ਧਰਤੀਏ ਨੀ ਸਤਵੰਤੀਏ, ਦੇਹ ਪੁੱਤਰਾਂ ਨੂੰ ‘ਵਾਜ।
ਪੱਗ ਸੰਭਾਲਣ ਬਾਪ ਦੀ, ਲਾਉਣ ਨਾ ਦੁੱਧ ਨੂੰ ਲਾਜ।
ਅੱਜ ਨੇ ਅੱਜ ਹੀ ਠਹਿਰਨਾ, ਕੱਲ ਦਾ ਨਾਮ ਹੈ ਕਾਲ।
ਚਰਖ਼ ਸਮੇਂ ਦਾ ਕੱਤਦਾ, ਹਰ ਦਿਨ ਨਵੇਂ ਸੁਆਲ।
ਸੁਣ ਉਇ ਸੂਰਜ ਰਾਣਿਆਂ, ਕਿਰਨਾਂ ਨੂੰ ਇਹ ਆਖ।
ਵਿੱਚ ਹਨ੍ਹੇਰੇ ਧੁਖ਼ਦਿਆਂ, ਹੋ ਨਾ ਜਾਈਏ ਰਾਖ਼।
ਕੱਕਰੀ ਰੁੱਤ ਸਿਆਲ ਦੀ, ਜੰਮ ਗਏ ਜਲਕਣ ਵੇਖ।
ਰੂਪ ਸ਼ਿੰਗਾਰਨ ਬਿਰਖ਼ ਦਾ, ਧਾਰਨ ਮੋਤੀ ਭੇਖ।
ਦਰਿਆਵਾਂ ਦੀ ਦੋਸਤੀ ਸਦਾ ਸਮੁੰਦਰ ਨਾਲ।
ਲੰਘਦੇ ਸਿੰਜਣ ਧਰਤ ਨੂੰ ਫ਼ਸਲਾਂ ਕਰਨ ਨਿਹਾਲ।
ਅੰਬਰ ਤਾਰੇ ਟਿਮਕਦੇ, ਕਰਦੇ ਵੇਖ ਕਮਾਲ।
ਕਿਰਨਾਂ ਗਿੱਧਾ ਪਾਉਂਦੀਆਂ, ਪਰੀਆਂ ਦੇਵਣ ਤਾਲ।
ਜੀਅ ਉਇ ਸ਼ੇਰ ਪੰਜਾਬੀਆ ਧਰ ਅੱਗੇ ਨੂੰ ਪੈਰ।
ਮੰਗੇ ਧਰਤ ਪੰਜਾਬ ਦੀ,ਦਰਿਆਵਾਂ ਦੀ ਖ਼ੈਰ।
-ਗੁਰਭਜਨ ਗਿੱਲ-9872631199