ਬੇਅੰਤ ਸਿੰਘ ਸੰਧੂ
ਪੱਟੀ, 22 ਜੁਲਾਈ
ਥਾਣਾ ਸਦਰ ਪੱਟੀ ਦੀ ਨਜ਼ਦੀਕ ਬੀਤੀ ਦੇਰ ਸ਼ਾਮ ਪੁਲੀਸ ਤੇ ਨਸ਼ਾਂ ਤਸਕਰਾਂ ਵਿਚਾਲੇ ਮੁਕਾਬਲੇ ਵਿੱਚ ਪੁਲੀਸ ਮੁਲਾਜ਼ਮ ਗੁਰਸਾਹਿਬ ਸਿੰਘ ਜਖ਼ਮੀਂ ਹੋ ਗਿਆ। ਨਸ਼ਾਂ ਤਸਕਰਾਂ ਵੱਲੋਂ ਚਲਾਈ ਗਈ ਗੋਲੀ ਪੁਲੀਸ ਕਾਂਸਟੇਬਲ ਦੇ ਸੱਜੇ ਪੱਟ ਵਿੱਚ ਲੱਗੀ, ਜਿਸ ਦਾ ਇਲਾਜ ਲਈ ਸਿਵਲ ਹਸਪਤਾਲ ਪੱਟੀ ਅੰਦਰ ਚੱਲ ਰਿਹਾ ਹੈ। ਤਸਕਰ ਮੁਕਾਬਲੇ ‘ਚੋਂ ਬਚ ਨਿਕਲੇ। ਤਰਨਤਾਰਨ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਥਾਣਾ ਸਦਰ ਪੱਟੀ ਤੋਂ ਕੁਝ ਦੂਰੀ ‘ਤੇ ਲਗਾਏ ਨਾਕੇ ਦੌਰਾਨ ਭਿਖੀਵਿੰਡ ਤੋਂ ਆ ਰਹੀ ਕਰੇਟਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਵੱਲੋਂ ਪੁਲੀਸ ‘ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਨਾਲ ਪੁਲੀਸ ਕਾਂਸਟੇਬਲ ਗੁਰਸਾਹਿਬ ਸਿੰਘ ਜਖ਼ਮੀ ਹੋ ਗਿਆ। ਪੁਲੀਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਪਰ ਤਸਕਰ ਫਰਾਰ ਹੋ ਗਏ। ਪੁਲੀਸ ਨੇ ਪਿੱਛਾ ਕੀਤਾ ਪਰ ਮੁਲਜ਼ਮ ਕੁੱਝ ਕਿਲੋਮੀਟਰ ਦੂਰ ਗੱਡੀ ਛੱਡ ਗਏ ਸਨ। ਪੁਲੀਸ ਵੱਲੋਂ ਗੱਡੀ ਦੀ ਤਲਾਸ਼ੀ ਲੈਣ ‘ਤੇ 960 ਗ੍ਰਾਮ ਹੈਰੋਇਨ, ਮੋਬਾਇਲ ਫੋਨ ਤੇ ਗੱਡੀ ਦੇ ਕਾਗਜ਼ਾਤ ਬਰਾਮਦ ਕੀਤੇ ਹਨ। ਪੁਲੀਸ ਨੇ ਡੇਨੀਅਲ ਉਰਫ਼ ਸੰਜੂ ਵਾਸੀ ਬਸਤੀ ਟੈਂਕਾ ਵਾਲੀ ਫ਼ਿਰੋਜ਼ਪੁਰ ਤੇ ਫਿਲਪਿਸ ਉਰਫ਼ ਫਿੱਲੀ ਵਾਸੀ ਜੱਲਾ ਚੌਕੀ ਮੱਖੂ ਜ਼ਿਲਾ ਫਿਰੋਜ਼ਪੁਰ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।