ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
ਇੱਥੇ ਅੱਜ ਜੰਤਰ-ਮੰਤਰ ਵਿਖੇ ਵਿਦਿਆਰਥੀ ਤੇ ਮਜ਼ਦੂਰ ਜਥੇਬੰਦੀਆਂ ਏਆਈਐੱਸਏ, ਡੀਐੱਸਯੂ, ਐੱਸਐੱਫਆਈ, ਏਆਈਆਰਐੱਸਓ, ਏਡੀਐੱਸਓ, ਆਈਐੱਫਟੀਯੂ ਆਦਿ ਵੱਲੋਂ ‘ਯੂਏਪੀਏ’ ਤੇ ਅਣਮਨੁੱਖੀ ਜੇਲ੍ਹ ਸਥਿਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਸੀ। ਪ੍ਰਦਰਸਨਕਾਰੀਆਂ ਵੱੱਲੋਂ ਯੂਏਪੀਏ ਨੂੰ ਰੱਦ ਕਰਨ ਅਤੇ ਸਵਾਮੀ ਨੂੰ ਇਨਸਾਫ਼ ਦਿਵਾਉਣ ਲਈ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਈਆਈਐੱਸਏ ਦੇ ਕੌਮੀ ਕਾਰਜਕਾਰੀ ਜਨਰਲ ਸਕੱਤਰ ਪ੍ਰਸੰਨਜੀਤ ਨੇ ਕਿਹਾ ਕਿ ਸਰਕਾਰਾਂ ਜ਼ੁਲਮ ਕਰ ਰਹੀਆਂ ਹਨ। ਸਟੈਨ ਸਵਾਮੀ ਦੀ ਮੌਤ ਇਕ ਹੋਰ ਉਦਾਹਰਨ ਹੈ ਕਿ ਆਰਐੱਸਐੱਸ-ਭਾਜਪਾ ਸਰਕਾਰ ਕਿੰਨੀ ਅਣਮਨੁੱਖੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਅਤੇ ਸਾਰੇ ਰਾਜਨੀਤਿਕ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ। ਆਈਆਈਐੱਸਯੂ ਦੇ ਮੈਂਬਰ ਆਦਿੱਤਿਆ ਨੇ ਕਿਹਾ ਕਿ ਸਟੈਨ ਸਵਾਮੀ ਨੂੰ ਪਾਣੀ ਪੀਣ ਲਈ ਵੀ ਅਰਜ਼ੀਆਂ ਦਾਖ਼ਲ ਕਰਨੀਆਂ ਪਈਆਂ ਸਨ। ਵਿਦਿਆਰਥੀਆਂ ਨੇ ‘ਯੂਏਪੀਏ ਵਾਪਸ ਲਓ’, ‘ਸਿਆਸੀ ਕੈਦੀਆਂ ਨੂੰ ਰਿਹਾਅ ਕਰੋ’ ਦੇ ਨਾਅਰੇ ਵੀ ਲਗਾਏ।