ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਹੰਕਾਰ ਨਾਲ ਭਰਿਆ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਖੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਦੱਸਿਆ ਸੀ। ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਨਵਜੋਤ ਸਿੱਧੂ ਸਿਰਫ਼ ਪਾਰਟੀ ਪ੍ਰਧਾਨ ਬਣੇ ਹਨ ਨਾ ਕਿ ਕਿਸੇ ਸੰਵਿਧਾਨਕ ਅਹੁਦੇ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੀਪਲਜ਼ ਵ੍ਹਿਪ ਦੀ ਉਲੰਘਣਾ ਕਰ ਕੇ ਖੁਦ ਨੂੰ ਭਾਜਪਾ ਦੇ ਖੇਮੇ ‘ਚ ਖੜ੍ਹਾ ਕਰ ਲਿਆ ਹੈ ਅਤੇ ਹੁਣ ਕਾਂਗਰਸੀ ਸੰਸਦ ਮੈਂਬਰਾਂ ਦੇ ਵੀ ਘਿਰਾਓ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀ ਹਵਾ ਬਣਾ ਕੇ ਕਾਂਗਰਸ ਅਤੇ ਪ੍ਰਸ਼ਾਂਤ ਕਿਸ਼ੋਰ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਹਾ ਕਿ ਸਿੱਧੂ ਜਦੋਂ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਮੰਤਰੀ ਸਨ ਉਦੋਂ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਨਖਿੱਧ ਰਹੀ ਸੀ। ਉਨ੍ਹਾਂ ਕਿਹਾ ਕਿ ਸਿੱਧੁੂ ਉਸ ਵੇਲੇ ਨਾ ਕੇਬਲ ਮਾਫੀਆ ਨੂੰ ਕੰਟਰੋਲ ਕਰ ਸਕੇ ਅਤੇ ਨਾ ਹੀ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ‘ਚ ਰੁਲ ਰਹੀ ਇਤਿਹਾਸਕ ਧ੍ਰੋਹਰ ਨੂੰ ਸੰਭਾਲ ਸਕੇ ਸਨ ਜੋ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਗੁਪਤ ਟਿਕਾਣਾ ਸੀ ਅਤੇ ਜਿੱਥੇ ਸਾਂਡਰਸ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਹ ਨਿਸ਼ਾਨਾ ਲਾਉਣ ਦਾ ਅਭਿਆਸ ਕਰਦੇ ਸਨ। ਪੰਜਾਬ ਸਰਕਾਰ ਨੇ 2015 ਵਿੱਚ ਇਸ ਨੂੰ ਇਤਿਹਾਸਕ ਇਮਾਰਤ ਐਲਾਨਿਆ ਸੀ ਅਤੇ ਸਿੱਧੁੂ ਨੇ ਫਿਰੋਜ਼ਪੁਰ ਜਾ ਕੇ ਇਸ ਨੂੰ ਸੰਭਾਲਣ ਦਾ ਐਲਾਨ ਕੀਤਾ ਸੀ ਪਰ ਉਹ ਸਿਰਫ ਐਲਾਨ ਹੀ ਰਿਹਾ। ਉਨ੍ਹਾਂ ਕਿਹਾ ਕਿ ਸਿੱਧੂ ਦਾ ਮਕਸਦ ਹਮੇਸ਼ਾ ਆਪਣੇ ਲਈ ਕੁਰਸੀ ਹਾਸਲ ਕਰਨਾ ਹੀ ਰਿਹਾ ਹੈ ਜਿਸ ਲਈ ਉਸ ਨੇ ਬਹੁਤ ਪਾਲੇ ਬਦਲੇ ਹਨ।