ਨਵੀਂ ਦਿੱਲੀ, 23 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਗਾਸਸ ਸੌਫਟਵੇਅਰ ਦੀ ਵਰਤੋਂ ਦੇਸ਼, ਇਸ ਦੀਆਂ ਸੰਸਥਾਵਾਂ ਤੇ ਲੋਕਤੰਤਰ ਦੇ ਖ਼ਿਲਾਫ਼ ਕੀਤੀ ਹੈ, ਤੇ ‘ਇਸ ਸਭ ਲਈ ਇਕੋ-ਇਕ ਸ਼ਬਦ ਹੈ ਦੇਸ਼ਧ੍ਰੋਹ।’ ਰਾਹੁਲ ਨੇ ਨਾਲ ਹੀ ਕਿਹਾ ਕਿ ਜਿਹੜਾ ਵੀ ਫੋਨ ਉਨ੍ਹਾਂ ਵਰਤਿਆ, ਉਸ ਦੀ ਜਾਸੂਸੀ ਕੀਤੀ ਗਈ। ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਾਹੁਲ ਨੇ ਗ੍ਰਹਿ ਮੰਤਰੀ ਸ਼ਾਹ ਤੋਂ ਅਸਤੀਫ਼ਾ ਵੀ ਮੰਗਿਆ। ਗਾਂਧੀ ਨੇ ਮੀਡੀਆ ਨੂੰ ਦੱਸਿਆ ਕਿ ‘ਪੈਗਾਸਸ ਨੂੰ ਇਜ਼ਰਾਈਲ ਨੇ ਹਥਿਆਰਾਂ ਦੇ ਵਰਗ ਵਿਚ ਰੱਖਿਆ ਹੋਇਆ ਹੈ ਤੇ ਇਸ ਹਥਿਆਰ ਦੀ ਵਰਤੋਂ ਅਤਿਵਾਦੀਆਂ ਖ਼ਿਲਾਫ਼ ਕੀਤੀ ਜਾਣੀ ਬਣਦੀ ਹੈ।
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਇਸ ਹਥਿਆਰ ਦੀ ਵਰਤੋਂ ਭਾਰਤ ਤੇ ਇਸ ਦੀਆਂ ਸੰਸਥਾਵਾਂ ਖ਼ਿਲਾਫ਼ ਕੀਤੀ ਹੈ। ਉਨ੍ਹਾਂ ਇਸ ਨੂੰ ਸਿਆਸੀ ਤੌਰ ‘ਤੇ ਵਰਤਿਆ, ਇਸ ਨੂੰ ਕਰਨਾਟਕ ਵਿਚ ਵੀ ਵਰਤਿਆ ਗਿਆ।’ ਉਨ੍ਹਾਂ ਕਿਹਾ ਕਿ ਇਹ ਦੇਸ਼ ਨਾਲ ਗੱਦਾਰੀ ਕਰਨ ਦੇ ਬਰਾਬਰ ਹੈ। ਰਾਹੁਲ ਨੇ ਕਿਹਾ ਕਿ ਪੈਗਾਸਸ ਨੂੰ ਸੁਪਰੀਮ ਕੋਰਟ ਦੇ ਖ਼ਿਲਾਫ਼ ਵਰਤਿਆ ਗਿਆ ਤਾਂ ਕਿ ਰਾਫਾਲ ਸੌਦੇ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਗਾਂਧੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤੇ ਸੁਪਰੀਮ ਕੋਰਟ ਨੂੰ ਨਰਿੰਦਰ ਮੋਦੀ ‘ਤੇ ਨਿਆਂਇਕ ਜਾਂਚ ਬਿਠਾਉਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਪੈਗਾਸਸ ਨੂੰ ਵਰਤਣ ਦੀ ਇਜਾਜ਼ਤ ਨਹੀਂ ਦੇ ਸਕਦਾ।
ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਹੋਰਨਾਂ ਆਗੂਆਂ ਨਾਲ ਪੈਗਾਸਸ ਮੁੱਦੇ ‘ਤੇ ਅੱਜ ਸੰਸਦ ਦੇ ਕੰਪਲੈਕਸ ਵਿਚ ਰੋਸ ਮੁਜ਼ਾਹਰਾ ਵੀ ਕੀਤਾ। ਗਾਂਧੀ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਦੋਸਤਾਂ ਨੂੰ ਇੰਟੈਲੀਜੈਂਸ ਨਾਲ ਜੁੜੇ ਲੋਕਾਂ ਨੇ ਦੱਸਿਆ ਸੀ ਕਿ ਅਜਿਹਾ (ਫੋਨ ਟੈਪ) ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਆਈਬੀ ਦੇ ਹੀ ਕਰਮੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਉਤੇ ਉਹ ਚੌਕਸ ਵੀ ਕਰਦੇ ਰਹੇ।
ਰਾਹੁਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਰਤਿਆ ਹਰ ਫੋਨ ਟੈਪ ਕੀਤਾ ਗਿਆ ਤੇ ਇਹ ਸਿਰਫ਼ ‘ਰਾਹੁਲ ਗਾਂਧੀ ਦੀ ਨਿੱਜਤਾ ਦਾ ਮਸਲਾ ਨਹੀਂ ਹੈ।’ ਉਨ੍ਹਾਂ ਇਸ ਨੂੰ ਲੋਕਾਂ ਦੀ ਆਵਾਜ਼ ਉਤੇ ਹੱਲਾ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰੀ ਨਹੀਂ ਹਨ ਤੇ ਮੋਦੀ ਤੋਂ ਬਿਲਕੁਲ ਨਹੀਂ ਡਰਦੇ। ਰਾਹੁਲ ਗਾਂਧੀ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਪੈਗਾਸਸ ਐਵੇਂ ਹੀ ਕੋਈ ਨਹੀਂ ਖ਼ਰੀਦ ਸਕਦਾ, ਇਹ ਫ਼ੌਜ ਨੂੰ ਵੀ ਨਹੀਂ ਵੇਚਿਆ ਜਾ ਸਕਦਾ, ਸਿਰਫ਼ ਮੁਲਕ ਦੀ ਸਰਕਾਰ ਨੂੰ ਹੀ ਦਿੱਤਾ ਜਾ ਸਕਦਾ ਹੈ। ਰਾਹੁਲ ਨੇ ਇਸ ਮੌਕੇ ਰਾਫਾਲ ਸੌਦੇ ਦਾ ਮੁੱਦਾ ਵੀ ਉਠਾਇਆ ਤੇ ਦੁਹਰਾਇਆ ਕਿ ਇਹ ‘ਵੱਡੀ ਚੋਰੀ’ ਸੀ। ਫਰਾਂਸ ਵਿਚ ਜਾਂਚ ਚੱਲ ਰਹੀ ਹੈ ਤੇ ਸਭ ਸਾਹਮਣੇ ਆ ਜਾਵੇਗਾ। -ਪੀਟੀਆਈ
‘ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ’
ਕਿਸਾਨ ਸੰਘਰਸ਼ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ‘ਸਾਡਾ ਰੁਖ਼ ਬਹੁਤ ਸਪੱਸ਼ਟ ਹੈ, ਕਾਨੂੰਨ ਵਾਪਸ ਹੋਣੇ ਚਾਹੀਦੇ ਹਨ। ਮੁੱਦਾ ਬਸ ਖੇਤੀ ਕਾਨੂੰਨ ਵਾਪਸ ਲੈਣ ਦਾ ਹੈ।’ ਉਨ੍ਹਾਂ ਕਿਹਾ ਕਿ ਇਕ ਵਿਅਕਤੀ ਸਾਰਿਆਂ ਨੂੰ ਖ਼ਰੀਦ ਨਹੀਂ ਸਕਦਾ ਤੇ ਨਾ ਦਬਾ ਸਕਦਾ ਹੈ।
ਕਾਂਗਰਸ ਨੇ ਸੁਰੱਖਿਆ ਕੌਂਸਲ ਸਕੱਤਰੇਤ ਦੀ ਵਧੀ ਗਰਾਂਟ ‘ਤੇ ਸਵਾਲ ਉਠਾਏ
ਨਵੀਂ ਦਿੱਲੀ: ਪੈਗਾਸਸ ਜਾਸੂਸੀ ਮਾਮਲੇ ‘ਤੇ ਹੋ ਰਹੇ ਹੰਗਾਮੇ ਦੌਰਾਨ ਅੱਜ ਕਾਂਗਰਸ ਨੇ ਦਾਅਵਾ ਕੀਤਾ ਕਿ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਦਾ ਬਜਟ 2017-18 ਦੌਰਾਨ ਵੱਧ ਕੇ 333 ਕਰੋੜ ਰੁਪਏ ਹੋ ਗਿਆ ਜਦਕਿ ਇਕ ਸਾਲ ਪਹਿਲਾਂ ਤੱਕ ਇਹ ਸਿਰਫ਼ 33 ਕਰੋੜ ਰੁਪਏ ਸੀ। ਵਿਰੋਧੀ ਧਿਰ ਨੇ ਪੁੱਛਿਆ ਕਿ ਕੀ ਬਜਟ ਵਿਚ ਇਹ ਵਾਧਾ ਇਜ਼ਰਾਇਲੀ ਸੌਫਟਵੇਅਰ ਨੂੰ ‘ਖ਼ਰੀਦਣ’ ਲਈ ਕੀਤਾ ਗਿਆ ਸੀ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਵਿਚ 2011-12 ਦੌਰਾਨ ਕੌਂਸਲ ਸਕੱਤਰੇਤ ਨੂੰ ਸਿਰਫ਼ 17.43 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਥੋੜ੍ਹਾ ਵਧਾਇਆ ਗਿਆ। ਪਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਕਈ ਗੁਣਾ ਵੱਧ ਗਿਆ। -ਪੀਟੀਆਈ