ਚੰਨੀ ਨੇ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਨ ਦੀ ਹਦਾਇਤ ਕੀਤੀ

ਚੰਨੀ ਨੇ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਨ ਦੀ ਹਦਾਇਤ ਕੀਤੀ


ਸੰਜੀਵ ਬੱਬੀ

ਚਮਕੌਰ ਸਾਹਿਬ, 26 ਜੁਲਾਈ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 24 ਜੁਲਾਈ ਨੂੰ ਚਮਕੌਰ ਸਾਹਿਬ ਫੇਰੀ ਮੌਕੇ ਕੁਝ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਪ੍ਰਤੀ ਵਿਰੋਧ ਦਰਜ ਕੀਤਾ ਸੀ, ਜਿਸ ‘ਤੇ ਪੁਲੀਸ ਨੇ ਪਿੰਡ ਬਹਿਰਾਮਪੁਰ ਜ਼ਿਮੀਦਾਰਾ ਦੇ ਸਰਪੰਚ ਸਤਨਾਮ ਸਿੰਘ ਸੋਹੀ, ਕੁਲਵੰਤ ਸਿੰਘ ਸਰਾੜੀ, ਜਗਮਨਦੀਪ ਸਿੰਘ ਪੜੀ ਅਤੇ ਜਗਦੀਪ ਕੌਰ ਟੱਕੀ ਸਮੇਤ 40 ਤੋਂ 45 ਅਣਪਛਾਤੇ ਕਿਸਾਨਾਂ ਤੇ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿਅਕਤੀਆਂ ਤੇ ਕੇਸ ਦਰਜ ਹੋਣ ਸਬੰਧੀ ਅੱਜ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ‘ਤੇ ਦਰਜ ਕੇਸ ਰੱਦ ਕਰਨ ਦੀ ਹਦਾਇਤ ਕੀਤੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਫੇਰੀ ਸਮੇਂ ਨਾਲ ਸਨ। ਉਨ੍ਹਾਂ ਵੱਲੋਂ ਅਤੇ ਕਿਸੇ ਕਾਂਗਰਸੀ ਵਰਕਰ ਵੱਲੋਂ ਪੁਲੀਸ ਕੋਲ ਇਨ੍ਹਾਂ ਵਿਅਕਤੀਆਂ ਵਿਰੁੱਧ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ। ਪੁਲੀਸ ਨੇ ਆਪਣੇ ਵੱਲੋਂ ਹੀ ਕੇਸ ਦਰਜ ਕੀਤਾ, ਜੋ ਰੱਦ ਕਰਨ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਸੈਂਕੜੇ ਕਿਸਾਨਾਂ ਵੱਲੋਂ ਮੇਨ ਸੜਕ ਸਮੇਤ ਗੁਰਦੁਆਰਾ ਸਾਹਿਬ ਵਿਖੇ ਦੋਵੇਂ ਲੀਡਰਾਂ ਦਾ ਵਿਰੋਧ ਕੀਤਾ।



Source link