ਵਾਸ਼ਿੰਗਟਨ, 27 ਜੁਲਾਈ
ਅਮਰੀਕਾ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਿਛਲੇ ਹਫਤੇ ਤਿੱਬਤ ਯਾਤਰਾ ਭਾਰਤ ਲਈ ਖ਼ਤਰਾ ਹੈ। ਸ਼ੀ ਨੇ ਪਿਛਲੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਤਿੱਬਤੀ ਸਰਹੱਦੀ ਕਸਬੇ ਨਿਯਾਂਗੀ ਦਾ ਦੌਰਾ ਕੀਤਾ ਸੀ। ਸ਼ੀ ਨੇ ਉਥੇ ਉੱਚ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਤਿੱਬਤ ਵਿੱਚ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਰਿਪਬਲਿਕਨ ਸੰਸਦ ਮੈਂਬਰ ਡੇਵਿਡ ਨੂਨੈਸ ਨੇ ਫੌਕਸ ਨਿਊਜ਼ ਨੂੰ ਇੰਟਰਵਿਊ ਵਿੱਚ ਕਿਹਾ, “ਚੀਨੀ ਤਾਨਾਸ਼ਾਹ ਸ਼ੀ ਜਿਨਪਿੰਗ ਨੇ ਪਿਛਲੇ ਹਫ਼ਤੇ ਭਾਰਤੀ ਸਰਹੱਦ ਨੇੜੇ ਤਿੱਬਤ ਦਾ ਦੌਰਾ ਕਰਕੇ ਆਪਣੀ ਜਿੱਤ ਦਾ ਦਾਅਵਾ ਕੀਤਾ। ਮੈਨੂੰ ਲਗਦਾ ਹੈ ਕਿ ਪਿਛਲੇ 30 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਚੀਨੀ ਤਾਨਾਸ਼ਾਹ ਤਿੱਬਤ ਆਇਆ ਹੈ। ਇੱਕ ਅਰਬ ਤੋਂ ਵੱਧ ਦੀ ਆਬਾਦੀ ਅਤੇ ਪ੍ਰਮਾਣੂ ਸ਼ਕਤੀ ਨਾਲ ਲੈਸ ਭਾਰਤ ਲਈ ਇਹ ਖਤਰਾ ਹੈ। ਭਾਰਤ ਲਈ ਖਤਰੇ ਦੀ ਗੱਲ ਇਹ ਵੀ ਹੈ ਕਿ ਉਹ ਵੱਡੇ ਜਲ ਪ੍ਰਾਜੈਕਟ ਵਿਕਸਤ ਕਰਨ ਵਾਲੇ ਹਨ, ਜਿਸ ਨਾਲ ਭਾਰਤ ਦੀ ਜਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।’