ਲੰਡਨ, 26 ਜੁਲਾਈ
ਬਰਤਾਨੀਆ ਦੀ ਅਦਾਲਤ ਨੇ ਅੱਜ ਵਿਜੇ ਮਾਲਿਆ ਨੂੰ ਦੀਵਾਲੀਆ ਕਰਾਰ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਫ਼ੈਸਲੇ ਨਾਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠਲੇ ਬੈਂਕਾਂ ਦੇ ਇੱਕ ਗਰੁੱਪ ਨੂੰ ਵਿਜੈ ਮਾਲਿਆ ਦੀ ਸੰਸਾਰ ਭਰ ਵਿਚਲੀ ਜਾਇਦਾਦ ਕੁਰਕ ਕਰਕੇ ਆਪਣੇ ਕਰਜ਼ਿਆਂ ਦੀ ਵਸੂਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਵਿਜੈ ਮਾਲਿਆ ਨੇ ਆਪਣੀ ਏਅਰਲਾਈਨਜ਼ ਕਿੰਗਫਿਸ਼ਰ ਲਈ ਇਨ੍ਹਾਂ ਬੈਂਕਾਂ ਤੋਂ ਕਰਜ਼ਾ ਲਿਆ। ਇਹ ਏਅਰਲਾਈਨਜ਼ ਬਾਅਦ ਵਿੱਚ ਬੰਦ ਹੋ ਗਈ ਸੀ ਤੇ ਵਿਜੈ ਮਾਲਿਆ ਬਿਨਾਂ ਕਰਜ਼ਾ ਮੋੜੇ ਫਰਾਰ ਹੋ ਗਿਆ ਸੀ। ਆਈਸੀਸੀ ਜੱਜ ਮਿਸ਼ੈਲ ਬ੍ਰਿੱਗਜ਼ ਨੇ ਵੀਡੀਓ ਕਾਨਫਰੰਸ ਦੌਰਾਨ ਆਪਣੇ ਹੁਕਮ ਸੁਣਾਉਂਦਿਆਂ ਕਿਹਾ, ‘ਬਾਅਦ ਦੁਪਹਿਰ 3.42 ਵਜੇ (ਬਰਤਾਨਵੀ ਸਮੇਂ ਅਨੁਸਾਰ) ਅਦਾਲਤ ਵਿਜੈ ਮਾਲਿਆ ਨੂੰ ਦੀਵਾਲਿਆ ਐਲਾਨਦੀ ਹੈ।’ ਭਾਰਤੀ ਬੈਂਕਾਂ ਵੱਲੋਂ ਪੇਸ਼ ਹੋਏ ਬੈਰਿਸਟਰ ਮਾਰਸ਼ੀਆ ਸੈਕਰਡੈਮੀਅਨ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਹ ਹੁਕਮ ਭਾਰਤੀ ਬੈਂਕਾਂ ਦੇ ਹੱਕ ‘ਚ ਦਿੱਤੇ ਜਾਣ। ਹਾਲਾਂਕਿ ਵਿਜੈ ਮਾਲਿਆ ਜ਼ਮਾਨਤ ‘ਤੇ ਬਰਤਾਨੀਆ ‘ਚ ਹੀ ਰਹੇਗਾ। -ਪੀਟੀਆਈ