ਨਵੀਂ ਦਿੱਲੀ, 26 ਜੁਲਾਈ
ਸੰਸਦ ਦੇ ਦੋਵੇਂ ਸਦਨਾਂ ‘ਚ ਅੱਜ ਵੀ ਪੈਗਾਸਸ ਜਾਸੂਸੀ ਕਾਂਡ ਅਤੇ ਕਿਸਾਨਾਂ ਦੇ ਮੁੱਦੇ ‘ਤੇ ਜ਼ੋਰਦਾਰ ਹੰਗਾਮਾ ਹੋਇਆ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਪਾਏ ਗਏ ਰੌਲੇ-ਰੱਪੇ ਦੌਰਾਨ ਸਰਕਾਰ ਨੇ ਦੁਪਹਿਰ ਬਾਅਦ ਤਿੰਨ ਵਜੇ ਦੋ ਬਿਲ ਪਾਸ ਕਰਵਾ ਲਏ। ਇਸ ਮਗਰੋਂ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਉਧਰ ਰਾਜ ਸਭਾ ‘ਚ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਪੰਜ ਵਾਰ ਮੁਲਤਵੀ ਕਰਨੀ ਪਈ। ਲੋਕ ਸਭਾ ਵਾਰ ਵਾਰ ਮੁਲਤਵੀ ਹੋਣ ਮਗਰੋਂ ਜਦੋਂ ਸਦਨ ਦੀ ਕਾਰਵਾਈ ਦੁਪਹਿਰ ਬਾਅਦ 3 ਵਜੇ ਮੁੜ ਸ਼ੁਰੂ ਹੋਈ ਤਾਂ ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿਲ, 2020 ਅਤੇ ਨੈਸ਼ਨਲ ਇੰਸਟੀਚਿਊਟਸ ਆਫ਼ ਫੂਡ ਟੈਕਨਾਲੋਜੀ, ਇੰਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ ਬਿਲ, 2021 ਪੇਸ਼ ਕੀਤੇ ਗਏ। ਸਪੀਕਰ ਦੇ ਆਸਣ ‘ਤੇ ਵਿਰਾਜਮਾਨ ਰਮਾ ਦੇਵੀ ਨੇ ਵਿਰੋਧ ਕਰ ਰਹੇ ਮੈਂਬਰਾਂ ਨੂੰ ਵਾਰ ਵਾਰ ਅਪੀਲ ਕੀਤੀ ਕਿ ਉਹ ਆਪਣੀਆਂ ਸੀਟਾਂ ‘ਤੇ ਚਲੇ ਜਾਣ ਅਤੇ ਬਿਲਾਂ ‘ਤੇ ਚਰਚਾ ‘ਚ ਹਿੱਸਾ ਲੈਣ। ਜਦੋਂ ਸੰਸਦ ਮੈਂਬਰ ਆਪਣੀਆਂ ਸੀਟਾਂ ‘ਤੇ ਨਾ ਗਏ ਤਾਂ ਰਮਾ ਦੇਵੀ ਨੇ ਦੋਵੇਂ ਬਿਲ ਬਿਨ੍ਹਾਂ ਚਰਚਾ ਦੇ ਹੀ ਪਾਸ ਕਰ ਦਿੱਤੇ। ਸਵੇਰੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਸੀ ਤਾਂ ਸਪੀਕਰ ਓਮ ਬਿਰਲਾ ਨੇ ਕਾਰਗਿਲ ਦਿਵਸ ਮੌਕੇ ਫ਼ੌਜੀ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਟੋਕੀਓ ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵੀ ਵਧਾਈ ਦਿੱਤੀ। ਇਸ ਮਗਰੋਂ ਵਿਰੋਧੀ ਧਿਰ ਦੇ ਕਈ ਮੈਂਬਰ ਕਿਸਾਨਾਂ ਦੇ ਹੱਕ ‘ਚ ਨਾਅਰੇਬਾਜ਼ੀ ਕਰਦਿਆਂ ਅਤੇ ਪੋਸਟਰ ਲਹਿਰਾਉਂਦਿਆਂ ਸਦਨ ਦੇ ਐਨ ਵਿਚਕਾਰ ਆ ਗਏ। ਕੁਝ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੀ ਸਦਨ ‘ਚ ਹਾਜ਼ਰੀ ਮੰਗੀ ਅਤੇ ਪੈਗਾਸਸ ਮੁੱਦੇ ‘ਤੇ ‘ਮੋਦੀ ਸਰਕਾਰ ਜਵਾਬ ਦੋ’ ਜਿਹੇ ਨਾਅਰੇ ਲਗਾਏ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਰਕਾਰ ਜਵਾਬ ਦੇਣਾ ਚਾਹੁੰਦੀ ਹੈ ਪਰ ਮੈਂਬਰਾਂ ਨੂੰ ਪਹਿਲਾਂ ਸੀਟਾਂ ‘ਤੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕ ਤੁਹਾਨੂੰ ਆਪਣੇ ਮੁੱਦੇ ਉਠਾਉਣ ਲਈ ਸੰਸਦ ‘ਚ ਭੇਜਦੇ ਹਨ ਪਰ ਮੈਂਬਰ ਨਾਅਰੇ ਲਗਾ ਕੇ ਸਦਨ ਦੀ ਮਰਿਆਦਾ ਨੂੰ ਢਾਹ ਲਗਾ ਰਹੇ ਹਨ। ਉਧਰ ਰਾਜ ਸਭਾ ਦੀ ਕਾਰਵਾਈ ਪੰਜ ਵਾਰ ਮੁਲਤਵੀ ਹੋਣ ਮਗਰੋਂ ਜਦੋਂ ਸ਼ਾਮ 5 ਵਜੇ ਸ਼ੁਰੂ ਹੋਈ ਤਾਂ ਦਿ ਮੈਰੀਨ ਏਡਸ ਨੇਵੀਗੇਸ਼ਨ ਬਿਲ, 2021 ਪੇਸ਼ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਸਦਨ ਦੀ ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਦੇ ਸ਼ੁਰੂ ‘ਚ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਨਿਯਮ 267 ਤਹਿਤ ਮਲਿਕਾਰਜੁਨ ਖੜਗੇ, ਕੇ ਸੀ ਵੇਣੂਗੋਪਾਲ (ਕਾਂਗਰਸ), ਤਿਰੁਚੀ ਸ਼ਿਵਾ (ਡੀਐੱਮਕੇ), ਸੁਖੇਂਦੂ ਸ਼ੇਖਰ ਰੇਅ (ਟੀਐੱਮਸੀ), ਈ ਕਰੀਨ (ਸੀਪੀਆਈ) ਅਤੇ ਹੋਰਾਂ ਵੱਲੋਂ ਦਿੱਤੇ ਗਏ ਨੋਟਿਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ। ਨਿਯਮ 267 ਤਹਿਤ ਸਦਨ ਦੇ ਕੰਮਕਾਰ ਨੂੰ ਰੋਕ ਕੇ ਸਬੰਧਤ ਮੁੱਦੇ ‘ਤੇ ਚਰਚਾ ਕੀਤੀ ਜਾਂਦੀ ਹੈ। ਨਾਇਡੂ ਨੇ ਕਿਹਾ ਕਿ ਮੈਂਬਰਾਂ ਨੂੰ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ। ਇਸ ਮਗਰੋਂ ਸ਼ੋਰ ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਵਾਰ ਵਾਰ ਮੁਲਤਵੀ ਹੁੰਦੀ ਰਹੀ। -ਪੀਟੀਆਈ
ਭਗਵੰਤ ਮਾਨ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਪੰਜਵੀਂ ਵਾਰ ਪੇਸ਼ ਕੀਤਾ ਕੰਮ ਰੋਕੂ ਮਤਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਲਗਾਤਾਰ ਪੰਜਵੀਂ ਵਾਰ ਲੋਕ ਸਭਾ ‘ਚ ‘ਕੰਮ ਰੋਕੂ ਮਤਾ’ ਪੇਸ਼ ਕਰਕੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦਾ ਸਬੰਧ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹੈ। ਇਸ ਲਈ ਸੰਸਦ ‘ਚ ਹੋਰ ਵਿਚਾਰੇ ਜਾਣ ਵਾਲਿਆਂ ਮੁੱਦਿਆਂ ਤੋਂ ਵੱਖਰੇ ਤੌਰ ‘ਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਪਹਿਲ ਦੇ ਆਧਾਰ ‘ਤੇ ਚਰਚਾ ਹੋਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ,”ਕਿਸਾਨਾਂ ਵੱਲੋਂ ਜੰਤਰ-ਮੰਤਰ ‘ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੇਸ਼ ਵਾਸੀਆਂ ਵਿੱਚ ਚੇਤੰਨਤਾ ਅਤੇ ਸਮਾਨਤਾ ਪੈਦਾ ਕਰ ਰਹੀ ਹੈ।” ‘ਆਪ’ ਆਗੂ ਨੇ ਕਿਹਾ ਕਿ ਮੌਸਮ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ, ਪਰ ਦੇਸ਼ ਦੇ ਕਿਸਾਨ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹੋਏ ਹਨ। ਅੰਦੋਲਨ ਦੌਰਾਨ ਸੈਂਕੜੇ ਕਿਸਾਨ ‘ਸ਼ਹੀਦ’ ਹੋ ਗਏ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਪਣੀ ਜ਼ਿਦ ਕਰਕੇ ਕਿਸਾਨ ਅੰਦੋਲਨ ਵੱਲ ਅੱਖਾਂ ਬੰਦ ਕਰਕੇ ਬੈਠੀ ਹੈ।