ਰਵੇਲ ਸਿੰਘ ਭਿੰਡਰ
ਪਟਿਆਲਾ, 31 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਨੁੱਖੀ ਅਧਿਕਾਰ ਸੈੱਲ ਦੇ ਚੇਅਰਮੈਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪੰਕਜ ਮਹਿੰਦਰੂ ਨੇ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਜ਼ਾਦ ਤੌਰ ‘ਤੇ ਚੋਣ ਲੜਨ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੋਟਰਾਂ ਨਾਲ ਬਕਾਇਦਾ ਪੜਾਅ ਵਾਰ ਮੀਟਿੰਗਾਂ ਦਾ ਸਿਲਸਿਲਾ ਵੀ ਤੋਰ ਦਿੱਤਾ ਗਿਆ ਹੈ। ਡਾ. ਮਹਿੰਦਰੂ ਨੇ ਦੱਸਿਆ ਕਿ ਸ਼ਹਿਰ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ਹਿਰੀਆਂ ਨੂੰ ਜਿਹੜੀ ਉਮੀਦ ਸੀ ਉਸ ‘ਤੇ ਉਹ ਖਰੇ ਨਹੀਂ ਉਤਰੇ। ਇਸ ਕਰਕੇ ਕਾਂਗਰਸ ਨਾਲ ਜੁੜੇ ਲੋਕ ਤੇ ਹੋਰ ਸ਼ਹਿਰੀ ਸਿਆਸੀ ਤੌਰ ‘ਤੇ ਬਦਲਾਅ ਦੀ ਇੱਛਾ ਰੱਖ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਬਤੌਰ ਕਾਂਗਰਸੀ ਹੋਣ ਦੇ ਨਾਤੇ ਉਹ ਪ੍ਰਦੇਸ਼ ਕਾਂਗਰਸ ਤੋਂ ਪਟਿਆਲਾ ਸ਼ਹਿਰੀ ਹਲਕੇ ਦੀ ਟਿਕਟ ਦੀ ਮੰਗ ਵੀ ਕਰਨਗੇ ਜੇ ਉਹ ਸੰਭਵ ਨਾ ਹੋਇਆ ਤਾਂ ਆਜ਼ਾਦ ਤੌਰ ‘ਤੇ ਚੋਣ ਲੜਨਗੇ।