ਪਟਿਆਲਾ: ਸੁਰਿੰਦਰਪਾਲ ਸਾਢੇ ਚਾਰ ਮਹੀਨਿਆਂ ਬਾਅਦ ਧਰਤੀ ’ਤੇ ਪਰਤਿਆ


ਰਵੇਲ ਸਿੰਘ ਭਿੰਡਰ

ਪਟਿਆਲਾ, 1 ਅਗਸਤ

ਟਾਵਰ ਸੰਘਰਸ਼ੀ ਸੁਰਿੰਦਰਪਾਲ ਗੁਰਦਾਸਪੁਰ ਸਾਢੇ ਚਾਰ ਮਹੀਨਿਆਂ ਮਗਰੋਂ ਅੱਜ ਬਾਅਦ ਦੁਪਹਿਰ ਟਾਵਰ ਤੋਂ ਧਰਤੀ ‘ਤੇ ਉਤਰਿਆ। ਸੰਘਰਸ਼ ਫਤਹਿ ਹੋਣ ਦੀ ਖੁਸ਼ੀ ‘ਚ ਟਾਵਰ ਸੰਘਰਸ਼ੀ ਨਾਸਾਜ਼ ਸਿਹਤ ਦੇ ਬਾਵਜੂਦ ਖਿੜੇ ਮੱਥੇ ਰਿਹਾ। ਕੱਲ੍ਹ ਪੰਜਾਬ ਸਰਕਾਰ ਵੱਲੋਂ ਈਟੀਟੀ ਟੈੱਟ ਪਾਸ ਅਧਿਆਪਕਾਂ ਲਈ 6635 ਆਸਾਮੀਆਂ ਵਾਸਤੇ ਇਸ਼ਤਿਹਾਰ ਜਾਰੀ ਕਰ ਦਿੱਤਾ। ਸਰਕਾਰ ਦੇ ਅਜਿਹੇ ਹਾਂ ਪੱਖੀ ਰਵਈਏ ਮਗਰੋਂ ‘ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ’ ਵੱਲੋਂ ਅੱਜ ਇਥੇ ਸੂਬਾ ਕਮੇਟੀ ਦੀ ਸੱਦੀ ਬੈਠਕ ‘ਚ ਟਾਵਰ ਸੰਘਰਸ਼ ਨੂੰ ਵਾਪਸ ਲੈਣ ਦਾ ਫੈਸਲਾ ਕਰਨ ਮਗਰੋਂ ਸੁਰਿੰਦਰਪਾਲ ਨੂੰ ਹੇਠਾਂ ਉਤਾਰਿਆ ਗਿਆ। ਸੁਰਿੰਦਰਪਾਲ ਨੂੰ ਟਾਵਰ ‘ਤੇ ਚੜਕੇ ਸੰਘਰਸ਼ ਮਘਾਉਂਦਿਆਂ ਅੱਜ 135ਵਾਂ ਦਿਨ ਹੋ ਗਿਆ ਸੀ। ਇਥੇ ਲੀਲਾ ਭਵਨ ਚੌਕ ਕੋਲ ਮੁੱਖ ਡਾਕ ਘਰ ਦੇ ਅਹਾਤੇ ‘ਚ ਸਥਿਤ ਬੀਐੱਸਐੱਨਐੱਲ ਟਾਵਰ, ਜਿਹੜਾ ਦੋ ਸੌ ਫੁੱਟ ਤੋਂ ਉੱਚਾ ਹੈ, ਦੀ ਟੀਸੀ ‘ਤੇ ਸੁਰਿੰਦਰਪਾਲ ਜਥੇਬੰਦੀਆਂ ਦੀ ਮੰਗਾਂ ਦੀ ਪ੍ਰਵਾਨਗੀ ਲਈ ਬੈਠਿਆ ਹੋਇਆ ਸੀ। ਭਾਵੇਂ ਪਹਿਲੇ 70 ਦਿਨ ਸੁਰਿੰਦਰਪਾਲ ਦੇ ਨਾਲ ਹਰਜੀਤ ਮਾਨਸਾ ਵੀ ਟਾਵਰ ‘ਤੇ ਰਿਹਾ ਪਰ ਪਿਛਲੇ 65 ਦਿਨ ਤੇ ਰਾਤਾਂ ਸੁਰਿੰਦਰਪਾਲ ਨੇ ਟਾਵਰ ਦੀ ਟੀਸੀ ‘ਤੇ ਇਕੱਲੇ ਨੇ ਹੀ ਬਿਤਾਈਆਂ। ਦੋ ਹਫਤੇ ਟਾਵਰ ‘ਤੇ ਭੁੱਖ ਹੜਤਾਲ ਵੀ ਕੀਤੀ। ਇਸ ਸੰਘਰਸ਼ੀ ਦੇ ਸਰੀਰ ਦਾ ਮਾਸ ਵੀ ਉਖੜਣ ਲੱਗਿਆ ਸੀ ਤੇ ਸਿਹਤ ‘ਚ ਵੀ ਵਿਗੜ ਗਈ ਸੀ। ਪੁਲੀਸ ਨੇ ਇੱਕ ਵਾਰ ਉਸ ਨੂੰ ਉਤਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਟਾਵਰ ਸੰਘਰਸ਼ੀ ਨੇ ਮੰਗਾਂ ਮੰਨੇ ਜਾਣ ਤੱਕ ਹੇਠਾਂ ਨਾ ਆਉਣ ਦਾ ਐਲਾਨ ਕੀਤਾ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਯੂਨੀਅਨ ਦੇ ਦੋ ਆਗੂਆਂ ਨੂੰ ਟਾਵਰ ‘ਤੇ ਭੇਜਿਆ ਗਿਆ ਸੀ ਤੇ ਸੁਰਿੰਦਰਪਾਲ ਨੂੰ ਹੇਠਾਂ ਲਿਆਂਦਾ ਗਿਆ। ਸੰਘਰਸ਼ੀ ਨੂੰ ਸਿਹਤ ਨਿਰੀਖਣ ਲਈ ਰਜਿੰਦਰਾ ਹਸਪਤਾਲ ਲਿਜਾਇਆ ਗਿਆ।



Source link