ਨਵੀਂ ਦਿੱਲੀ: ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਉੱਤਰੀ ਸਿੱਕਿਮ ਸੈਕਟਰ ‘ਚ ਹੌਟਲਾਈਨ ਸਥਾਪਤ ਕੀਤੀ ਗਈ ਹੈ। ਖ਼ਿੱਤੇ ‘ਚ ਅਸਲ ਕੰਟਰੋਲ ਰੇਖਾ ‘ਤੇ ਭਰੋਸਾ ਬਹਾਲੀ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਇਹ ਕਦਮ ਉਠਾਇਆ ਗਿਆ ਹੈ। ਹੌਟਲਾਈਨ ਦੀ ਸਥਾਪਨਾ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ਼ ਦੇ ਕਈ ਖੇਤਰਾਂ ‘ਚ ਟਕਰਾਅ ਚੱਲ ਰਿਹਾ ਹੈ ਅਤੇ ਸ਼ਨਿਚਰਵਾਰ ਨੂੰ ਦੋਵੇਂ ਮੁਲਕਾਂ ਦੇ ਫ਼ੌਜੀ ਕਮਾਂਡਰਾਂ ਦਰਮਿਆਨ ਮਸਲਾ ਸੁਲਝਾਉਣ ਲਈ 12ਵੇਂ ਗੇੜ ਦੀ ਵਾਰਤਾ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਉੱਤਰੀ ਸਿੱਕਿਮ ‘ਚ ਕੋਂਗਰਾ ਲਾ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਤਿੱਬਤੀ ਆਟੋਨਾਮਸ ਰਿਜਨ ਦੇ ਖੰਭਾ ਡਜ਼ੋਂਗ ‘ਚ ਹੌਟਲਾਈਨ ਸਥਾਪਤ ਕੀਤੀ ਹੈ। ਪਹਿਲੀ ਅਗਸਤ ਨੂੰ ਪੀਐੱਲਏ ਦਿਵਸ ਮੌਕੇ ਇਹ ਹੌਟਲਾਈਨ ਸਥਾਪਤ ਕੀਤੀ ਗਈ ਹੈ। ਆਰਮੀ ਨੇ ਕਿਹਾ ਕਿ ਕਮਾਂਡਰ ਪੱਧਰ ‘ਤੇ ਸੰਪਰਕ ਬਣਾਉਣ ਲਈ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਇਹ ਢਾਂਚਾ ਬਣਾਇਆ ਗਿਆ ਹੈ। ਉਨ੍ਹਾਂ ਬਿਆਨ ‘ਚ ਕਿਹਾ ਕਿ ਹੌਟਲਾਈਨ ਸਥਾਪਤ ਹੋਣ ਨਾਲ ਵੱਖ ਸੈਕਟਰਾਂ ‘ਚ ਸਰਹੱਦਾਂ ‘ਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ‘ਚ ਸਹਾਇਤਾ ਮਿਲੇਗੀ।