ਗੁਰਮਤਿ ਵਿਚਾਰ ਮੰਚ ਵੱਲੋਂ ਸਿੱਧੂ ਖ਼ਿਲਾਫ਼ ਰੋਸ ਮੁਜ਼ਾਹਰਾ

ਗੁਰਮਤਿ ਵਿਚਾਰ ਮੰਚ ਵੱਲੋਂ ਸਿੱਧੂ ਖ਼ਿਲਾਫ਼ ਰੋਸ ਮੁਜ਼ਾਹਰਾ
ਗੁਰਮਤਿ ਵਿਚਾਰ ਮੰਚ ਵੱਲੋਂ ਸਿੱਧੂ ਖ਼ਿਲਾਫ਼ ਰੋਸ ਮੁਜ਼ਾਹਰਾ


ਬਹਾਦਰਜੀਤ ਸਿੰਘ

ਰੂਪਨਗਰ, 2 ਅਗਸਤ

ਇੱਥੇ ਅੱਜ ਗੁਰਮਤਿ ਵਿਚਾਰ ਮੰਚ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦੇ ਮੈਂਬਰਾਂ ਵੱਲੋਂ ਸਿੱਧੂ ‘ਤੇ ਸਿਰੋਪਾਓ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ।

ਇਸ ਦੌਰਾਨ ਸੰਬੋਧਨ ਕਰਦਿਆਂ ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਦੀਮਾਜਰਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਨੇ ਸਿਰੋਪਾਓ ਦੀ ਹੋ ਰਹੀ ਬੇਅਦਬੀ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਅੰਮ੍ਰਿਤਸਰ ਪਹੁੰਚੇ ਸਨ ਤਾਂ ਉਨ੍ਹਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਿਰੋਪਾਓ ਦਿੱਤੇ ਗਏ ਸਨ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਆਪਣੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗੁਰੂ ਘਰ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਭੁਲਾ ਕੇ ਉਨ੍ਹਾਂ ਦੇ ਗਲੇ ਵਿੱਚ ਪਾਏ ਸਿਰੋਪਿਆਂ ਨੂੰ ਉਲਾਰ ਕੇ ਲੋਕਾਂ ਵੱਲ ਸੁੱਟਦੇ ਵੇਖੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਗੁਰਮਤਿ ਵਿਚਾਰ ਮੰਚ ਵੱਲੋਂ ਸੰਗਤ ਨੂੰ ਨਾਲ ਲੈ ਕੇ ਸਥਾਨਕ ਬੇਲਾ ਚੌਕ ਵਿੱਚ ਮੁਜ਼ਾਹਰਾ ਕਰ ਕੇ ਇਸ ਗੱਲ ਖ਼ਿਲਾਫ਼ ਜਿੱਥੇ ਰੋਸ ਪ੍ਰਗਟਾਇਆ ਗਿਆ ਉੱਥੇ ਹੀ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਮੰਚ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਾਹੀਂ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇੱਕ ਸ਼ਿਕਾਇਤ ਪੱਤਰ ਵੀ ਭੇਜਿਆ ਗਿਆ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਭੇਜੇ ਗਏ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਇਹ ਮਰਿਆਦਾ ਕਾਇਮ ਕੀਤੀ ਜਾਵੇ ਕਿ ਸਿਰੋਪਾਓ ਸਿਰਫ਼ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਗੁਰੂ ਘਰਾਂ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸੰਗਤ ਦੀ ਹਾਜ਼ਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਵੇ। ਇਸ ਮੌਕੇ ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਧਿਆਨ ਸਿੰਘ, ਬਦਨ ਸਿੰਘ, ਹਰਿੰਦਰ ਸਿੰਘ ਲੋਦੀਮਾਜਰਾ, ਬਲਵਿੰਦਰ ਸੈਣੀ ਸ਼ਾਮਪੁਰੀ ਤੇ ਜਸਕਰਨ ਸਿੰਘ ਆਦਿ ਸਮੇਤ ਸੰਗਤ ਹਾਜ਼ਰ ਸੀ।Source link