ਕੋਟਾ, 3 ਅਗਸਤ
ਰਾਜਸਥਾਨ ਦੇ ਬਾਰਨ ਜ਼ਿਲ੍ਹੇ ‘ਚ ਪਿਛਲੇ ਦਿਨ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਭਾਰੀ ਮੀਂਹ ਕਾਰਨ ਇਲਾਕੇ ‘ਚ ਕਈ ਮਕਾਨ ਢਹਿ ਗਏ ਹਨ ਤੇ ਕਈ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਦੇ ਸ਼ਾਹਬਾਦ ਤੇ ਕਿਸ਼ਨਗੰਜ ਬਲਾਕ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਐੈੱਸਡੀਐੱਮ ਰਾਹੁਲ ਮਲਹੋਤਰਾ ਨੇ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਅੰਦਰ ਸ਼ਾਹਬਾਦ ‘ਚ 246 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੇਠਲੇ ਇਲਾਕੇ ਦੀਆਂ ਕਈ ਕਲੋਨੀਆਂ ‘ਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ ਵੱਖ ਪਿੰਡਾਂ ਤੋਂ 700 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਅਟਲ ਸੇਵਾ ਕੇਂਦਰਾਂ ਤੇ ਸਕੂਲੀ ਇਮਾਰਤਾਂ ‘ਚ ਭੇਜਿਆ ਗਿਆ ਹੈ। ਉਨ੍ਹਾਂ ਦੇ ਖਾਣ-ਪੀਣ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਬਹੁਤ ਸਾਰੇ ਕੱਚੇ ਮਕਾਨ ਢਹਿ ਗਏ ਹਨ। ਭਾਰੀ ਮੀਂਹ ਮਗਰੋਂ ਕੋਟਾ ਬੈਰਾਜ ਤੋਂ ਚੰਬਲ ਨਦੀ ‘ਚ ਛੱਡਿਆ ਗਿਆ ਪਾਣੀ ਧੌਲਪੁਰ ਤੱਕ ਪਹੁੰਚ ਗਿਆ ਤੇ ਚੰਬਲ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਨੇੜਲੇ ਇਲਾਕਿਆਂ ‘ਚ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। -ਪੀਟੀਆਈ
ਪਾਣੀ ‘ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਜੈਪੁਰ: ਰਾਜਸਥਾਨ ਦੇ ਸਵਾਈਮਾਧੋਪੁਰ ਤੇ ਟੌਂਕ ਦੀ ਪੁਲੀਸ ਨੇ ਦੱਸਿਆ ਕਿ ਭਾਰੀ ਮੀਂਹ ‘ਚ ਦੋ ਵਾਹਨ ਰੁੜ੍ਹਨ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਘਟਨਾ ਸਵਾਈਮਾਧੋਪੁਰ ਜ਼ਿਲ੍ਹੇ ‘ਚ ਵਾਪਰੀ ਜਦੋਂ ਇੱਕ ਕਾਰ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ ਤੇ ਇਸ ‘ਚ ਸਵਾਰ ਦੋ ਬੱਚੇ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਅਜਿਹੀ ਹੀ ਘਟਨਾ ਟੌਂਕ ‘ਚ ਵਾਪਰੀ ਜਿੱਥੇ ਮਹਿਲਾ ਦੀ ਲਾਸ਼ ਲਿਜਾ ਰਹੀ ਐਂਬੂਲੈਂਸ ਤੇਜ਼ ਪਾਣੀ ‘ਚ ਰੁੜ੍ਹ ਗਈ ਤੇ ਇਸ ‘ਚ ਸਵਾਰ ਮ੍ਰਿਤਕ ਮਹਿਲਾ ਦੇ ਪੁੱਤਰ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। -ਪੀਟੀਆਈ
ਮੱਧ ਪ੍ਰਦੇਸ਼: 1171 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ
ਭੋਪਾਲ: ਮੱਧ ਪ੍ਰਦੇਸ਼ ਦੇ ਗਵਾਲੀਅਰ-ਚੰਬਲ ਖੇਤਰ ‘ਚ ਭਾਰੀ ਮੀਂਹ ਮਗਰੋਂ 1171 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਜਦਕਿ ਸ਼ਿਵਪੁਰੀ ਜ਼ਿਲ੍ਹੇ ‘ਚ ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਇੱਥੇ ਤਿੰਨ ਜਣਿਆਂ ਨੇ 24 ਘੰਟੇ ਇੱਕ ਦਰੱਖਤ ‘ਤੇ ਬੈਠ ਕੇ ਜਾਨ ਬਚਾਈ ਹੈ। ਵਧੀਕ ਮੁੱਖ ਸਕੱਤਰ ਰਾਜੇਸ਼ ਰਾਜੌਰਾ ਨੇ ਦੱਸਿਆ ਕਿ ਸ਼ਿਵਪੁਰੀ, ਸ਼ਿਓਪੁਰ, ਗਵਾਲੀਅਰ ਤੇ ਦਤੀਆ ਜ਼ਿਲ੍ਹਿਆਂ ‘ਚ ਫੌਜ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਪ੍ਰਧਾਨ ਮੰਤਰੀ ਨੂੰ ਸੂਬੇ ‘ਚ ਬਣੇ ਹਾਲਾਤ ਬਾਰੇ ਜਾਣਕਾਰੀ ਦੇ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਨੇ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਪੁਰੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿਪੌੜਾ ਪਿਡ ‘ਚ ਅੱਜ ਸਵੇਰੇ ਪੰਜ ਜਣਿਆਂ ਨੂੰ ਬਚਾਇਆ ਗਿਆ ਹੈ। ਇਸ ਤੋਂ ਇਲਾਵਾ ਬੀਚੀ ਪਿੰਡ ‘ਚ ਇੱਕ ਦਰੱਖਤ ‘ਤੇ ਤਕਰੀਬਨ 24 ਘੰਟੇ ਤੱਕ ਫਸੇ ਰਹੇ ਤਿੰਨ ਜਣਿਆਂ ਨੂੰ ਵੀ ਬਚਾਇਆ ਗਿਆ ਹੈ। -ਪੀਟੀਆਈ