ਸੁਰਿੰਦਰ ਮਾਵੀ
ਵਿਨੀਪੈਗ, 3 ਅਗਸਤ
‘ਫੇਮ ਸਕੂਲ ਅਤੇ ਸਟੂਡੀਓ’ ਵੱਲੋਂ ਬਣਾਈ ਜਾ ਰਹੀ ਮੈਨੀਟੋਬਾ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਥਰਟੀਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਮ ਦਾ ਨਿਰਦੇਸ਼ਨ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਕਰਨਗੇ। ਫ਼ਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਦਾ ਦਿਨ ਮੈਨੀਟੋਬਾ ਵਿੱਚ ਪੰਜਾਬੀਆਂ ਲਈ ਇਤਿਹਾਸਕ ਦਿਨ ਹੋ ਨਿੱਬੜਿਆ ਹੈ। ਇਸ ਫ਼ਿਲਮ ਵਿੱਚ ਸੈਵੀ ਸੂਦ, ਹਰਲੀਨ ਕੌਰ ਤੇ ਰਾਜ ਮੁੱਖ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਗੋਪਿਕਾ, ਰਾਜਵੀਰ ਤੇ ਗੌਰਵ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਹਰਲੀਨ ਕੌਰ ਨੇ ਕਿਹਾ, ‘ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਹੁਣ ਕੁਝ ਕਰ ਦਿਖਾਉਣ ਦਾ ਸਮਾਂ ਹੈ। ਇਹ ਮੌਕਾ ਦੇਣ ਲਈ ਮੈਂ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ।’ ਫ਼ਿਲਮ ਦੇ ਨਿਰਦੇਸ਼ਕ ਰੌਸ਼ਨ ਪ੍ਰਿੰਸ ਨੇ ਕਿਹਾ, ‘ਫ਼ਿਲਮ ਦੇ ਐਲਾਨ ਦੇ ਨਾਲ ਹੀ ਅਸੀਂ ਫ਼ਿਲਮ ਦੀ ਕਹਾਣੀ ਤੇ ਪਾਤਰਾਂ ਬਾਰੇ ਇਮਾਨਦਾਰੀ ਨਾਲ ਵਿਚਾਰ ਕੀਤਾ। ਮੈਂ ਆਸ ਕਰਦਾ ਹਾਂ ਕਿ ਸਭ ਕੁੱਝ ਠੀਕ ਰਹੇਗਾ ਅਤੇ ਅਸੀਂ ਆਪਣੇ ਕੰਮ ਨਾਲ ਨਿਆਂ ਕਰ ਸਕਾਂਗੇ।’ ਉਸ ਨੇ ਕਿਹਾ, ‘ਪੰਜਾਬੀ ਫ਼ਿਲਮ ਨਿਰਮਾਣ ਉਦਯੋਗ ਵਿੱਚ ਇਹ ਸਾਡਾ ਪਹਿਲਾ ਕਦਮ ਹੈ, ਅਸੀਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ।’
ਫ਼ਿਲਮ ਦੀ ਸ਼ੂਟਿੰਗ ਵਿਨੀਪੈਗ ਵਿੱਚ ਸ਼ੁਰੂ ਹੋ ਗਈ ਹੈ। ਰੌਸ਼ਨ ਪ੍ਰਿੰਸ ਨੇ ਦੱਸਿਆ ਕਿ ਇਹ 13 ਸਾਲ ਦੇ ਕੈਨੇਡੀਅਨ ਬੱਚੇ ਦੀ ਕਹਾਣੀ ਹੈ, ਜੋ ਸਾਰਿਆਂ ਨੂੰ ਪਸੰਦ ਆਵੇਗੀ। ਉਸ ਨੇ ਕਿਹਾ ਕਿ ਅੱਜ ਉਸ ਦਾ ਨਿਰਦੇਸ਼ਕ ਬਣਨ ਦਾ ਸੁਫ਼ਨਾ ਪੂਰਾ ਹੋਇਆ ਹੈ। ਫ਼ਿਲਮ ਦੇ ਮਹੂਰਤ ਸ਼ਾਟ ਤੋਂ ਪਹਿਲਾਂ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ।