ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਰਨ ਵਾਲੇ ਸਿੱਧੂ ਦਾ ਮੋਗਾ ’ਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ

ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਰਨ ਵਾਲੇ ਸਿੱਧੂ ਦਾ ਮੋਗਾ ’ਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ
ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਰਨ ਵਾਲੇ ਸਿੱਧੂ ਦਾ ਮੋਗਾ ’ਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ


ਮਹਿੰਦਰ ਸਿੰਘ ਰੱਤੀਆਂ

ਮੋਗਾ, 5 ਅਗਸਤ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਥੇ ਬਾਦਲਾਂ ‘ਤੇ ਸ਼ਬਦੀ ਹਮਲੇ ਕਰਦਿਆਂ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਵਾਲੇ ਬਿਜਲੀ ਸਮਝੌਤੇ ਅਤੇ ਕਾਲੇ ਖੇਤੀ ਕਾਨੂੰਨ ਵਿਧਾਨ ਸਭਾ ਸੈਸ਼ਨ ‘ਚ ਮੁੱਢੋਂ ਰੱਦ ਕਰ ਦਿੱਤੇ ਜਾਣਗੇ। ਕਾਂਗਰਸ ਆਗੂ ਦੀ ਆਮਦ ‘ਤੇ ਇਸ ਮੌਕੇ ਰੋਹ ‘ਚ ਆਏ ਕਿਸਾਨਾਂ ਤੇ ਠੇਕਾ ਮੁਲਾਜ਼ਮਾਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕਰਦੇ ਹੋਏ ਬੈਰੀਕੇਡ ਤੋੜ ਦਿੱਤੇ। ਵੱਡੀ ਗਿਣਤੀ ‘ਚ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵੱਧਣ ਦਿੱਤਾ ਤਾਂ ਉਨ੍ਹਾਂ ਉਥੇ ਹੀ ਧਰਨਾ ਲਗਾ ਦਿੱਤਾ। ਇਸ ਮੌਕੇ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਸਿੱਧੂ ਨਿਰਧਾਰਤ ਸਮੇਂ ਤੋਂ ਸਮਾਗਮ ‘ਚ ਕਰੀਬ ਘੰਟਾ ਲੇਟ ਪੁੱਜੇ। ਸਮਾਗਮ ਵਿਚ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ 2022 ਚੋਣਾਂ ‘ਚ ਕਾਂਗਰਸ ਸਰਕਾਰ ਬਣੇਗੀ ਤੇ ਮਾਫ਼ੀਆ ਰਾਜ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਠੇਕਾ ਮੁਲਾਜ਼ਮਾਂ, ਸਿਹਤ ਕਾਮਿਆਂ, ਕਿਸਾਨਾਂ, ਈਟੀਟੀ ਅਧਿਆਪਕਾਂ ਨੂੰ ਕਲਾਵੇ ਵਿੱਚ ਲੈਂਦੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ‘ਪੰਜਾਬ ਮਾਡਲ’ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਥੇ ਲੋਕਾਂ ਦਾ ਪਸੀਨਾ ਡੁੱਲੇਗਾ ਉਥੇ ਸਿੱਧੂ ਦਾ ਖੂਨ ਵਹੂ ਅਤੇ ਪੰਜਾਬ ਵਿਚ ਇਹ ਕਿਸਾਨ ਮਾਰੂ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਕਿਸਾਨੀ ਅਤੇ ਸਮੁੱਚੇ ਪੰਜਾਬ ਲਈ ਘਾਤਕ ਸਿੱਧ ਹੋਣ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਭਾਵੇਂ ਕਿਸੇ ਵੀ ਪੱਧਰ ਉਤੇ ਕੋਈ ਵੀ ਲੜਾਈ ਕਿਉਂ ਨਾ ਲੜਣੀ ਪਵੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹਨ, ਉਹ ਸਭ ਜਾਣਦੇ ਹਨ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੈ, ਉਨ੍ਹਾਂ ਬਾਦਲ ਪਰਿਵਾਰ ਦੀਆਂ ਬੱਸਾਂ, ਹੋਟਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲਾਂ ਵੱਲੋਂ 65 ਹਜ਼ਾਰ ਕਰੋੜ ਦੇ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਨਹੀਂ ਹੁੰਦੇ ਤਾਂ ਅਸੀਂ ਦਹਾਕਿਆਂ ਤੱਕ ਵੱਡੀ ਕੀਮਤ ਚੁਕਾਉਂਦੇ ਰਹਾਂਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਦਰਸ਼ਨ ਬਰਾੜ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਡਾ.ਹਰਜੋਤ ਕਮਲ,ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਮੇਅਰ ਨੀਤਿਕਾ ਭੱਲਾ, ਉਪਿੰਦਰ ਗਿੱਲ ਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਤੇ ਵਰਕਰ ਮੌਜੂਦ ਸਨ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਫੇਰੀ ਦੌਰਾਨ ਸਮਾਗਮ ਸਥਾਨ ਨੇੜੇ ਬਰਨਾਲਾ ਚੌਕ ਵਿੱਚ ਕਿਸਾਨਾਂ ਅਤੇ ਠੇਕਾ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕੀਤੀ।Source link