ਵਿਜ ਦਾ ਪੰਚਕੂਲਾ ਦੇ ਥਾਣੇ ’ਤੇ ਛਾਪਾ: ਜ਼ਰੂਰੀ ਕਾਗਜ਼ਾਂ ’ਚੋਂ ਮਿਲੇ ਰੁਪਏ, ਐੱਸਐੱਚਓ ਸਣੇ ਤਿੰਨ ਮੁਲਾਜ਼ਮ ਸਸਪੈਂਡ

ਵਿਜ ਦਾ ਪੰਚਕੂਲਾ ਦੇ ਥਾਣੇ ’ਤੇ ਛਾਪਾ: ਜ਼ਰੂਰੀ ਕਾਗਜ਼ਾਂ ’ਚੋਂ ਮਿਲੇ ਰੁਪਏ, ਐੱਸਐੱਚਓ ਸਣੇ ਤਿੰਨ ਮੁਲਾਜ਼ਮ ਸਸਪੈਂਡ


ਪੀਪੀ ਵਰਮਾ

ਪੰਚਕੂਲਾ, 6 ਅਗਸਤ

ਅੱਜ ਬਾਅਦ ਦੁਪਹਿਰ ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਥੇ ਸੈਕਟਰ-5 ਦੇ ਥਾਦੇ ਵਿੱਚ ਛਾਪਾ ਮਾਰਿਆ। ਗ੍ਰਹਿ ਮੰਤਰੀ ਜਿਵੇਂ ਹੀ ਥਾਣੇ ਪੁੱਜ ਤਾਂ ਸਾਰੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਸ੍ਰੀ ਵਿਜ ਨੇ ਥਾਣੇ ਵਿੱਚ ਬੈਠ ਕੇ ਰੋਜ਼ਨਾਮਚਾ ਰਜਿਸਟਰ, ਹਾਜ਼ਰੀ ਰਜਿਸਟਰ ਅਤੇ ਹੋਰ ਕਈ ਜ਼ਰੂਰੀ ਕਾਗਜ਼ ਪੱਤਰ ਚੈੱਕ ਕੀਤੇ। ਥਾਣੇ ਦੀ ਚੈਕਿੰਗ ਕਰਦੇ ਹੋਏ ਕਾਗਜ਼ਾਂ ਵਿੱਚੋਂ ਕਈ ਨੋਟ(ਰੁਪਏ) ਲੱਭੇ। ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਝਾੜਿਆ ਕਿ ਸ਼ਰਮ ਦੀ ਗੱਲ ਹੈ ਕਿ ਕਾਗਜ਼ਾਂ ਵਿੱਚ ਵੀ ਨੋਟ ਰੱਖੇ ਹੋਏ ਹਨ। ਇਹ ਨੋਟਾਂ ਵਾਲੇ ਕਾਗਜ਼ ਆਸਪਾਸ ਖੜ੍ਹੇ ਪੁਲੀਸ ਮੁਲਾਜ਼ਮਾਂ ਨੂੰ ਵੀ ਦਿਖਾਏ। ਗ੍ਰਹਿ ਮੰਤਰੀ ਨੇ ਜਿਹੜੇ ਪੁਲੀਸ ਮੁਲਾਜ਼ਮ ਫੀਲਡ ਵਿਚ ਗਏ ਹੋਏ ਸਨ, ਉਨ੍ਹਾਂ ਨੂੰ ਤੁਰੰਤ ਪੁਲੀਸ ਸਟੇਸ਼ਨ ਸੈਕਟਰ-5 ਵਿੱਚ ਹਾਜ਼ਰ ਆਉਣ ਲਈ ਕਿਹਾ। ਮੌਕੇ ‘ਤੇ ਕਈ ਪੁਲੀਸ ਅਧਿਕਾਰੀਆਂ ਨੂੰ ਜਵਾਬ ਤਲਬ ਕੀਤਾ। ਚੈਕਿੰਗ ਦੌਰਾਨ ਹਵਾਲਦਾਰ ਮੁਨਸ਼ੀ ਦੇ ਰੋਜ਼ਨਾਮਚਾ ਰਜਿਸਟਰ ਅਤੇ ਹਾਜ਼ਰੀ ਰਜਿਸਟਰ ਵਿੱਚ ਵੀ ਕਈ ਖਾਮੀਆਂ ਮਿਲੀਆਂ। ਗ੍ਰਹਿ ਮੰਤਰੀ ਨੇ ਥਾਣੇ ਵਿੱਚ ਉਹ ਰਿਕਾਰਡ ਵੀ ਵੇਖਿਆ ਜਿਸ ਵਿੱਚ ਪੂਰੇ ਸਟਾਫ ਦਾ ਵੇਰਵਾ ਹੁੰਦਾ ਹੈ। ਉਨ੍ਹਾਂ ਪੁੱਛਿਆ ਕਿ ਕਈ ਮੁਲਾਜ਼ਮ ਗੈਰਹਾਜ਼ਰ ਕਿਉਂ ਹਨ। ਉਨ੍ਹਾਂ ਦੀਆਂ ਛੁੱਟੀਆਂ ਦੀ ਅਰਜ਼ੀ ਕਿੱਥੇ ਹੈ। ਗ੍ਰਹਿ ਮੰਤਰੀ ਨੇ ਮੌਕੇ ‘ਤੇ ਐੱਸਐੱਚਓ ਲਲਿਤ ਕੁਮਾਰ ਸਣੇ 3 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਸ ਮੌਕੇ ਪੰਚਕੂਲਾ ਪੁਲੀਸ ਕਮਿਸ਼ਨਰ ਸੌਰਵ ਸਿੰਘ ਅਤੇ ਡੀਸੀਪੀ ਮੋਹਿਤ ਹਾਂਡਾ ਮੌਜੂਦ ਸਨ।



Source link