ਲਾਹੌਰ, 7 ਅਗਸਤ
ਪਾਕਿਸਤਾਨ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪੰਜਾਬ ਦੇ ਇਕ ਕਸਬੇ ‘ਚ ਹਿੰਦੂ ਮੰਦਿਰ ‘ਤੇ ਹਮਲਾ ਕਰਨ ਦੇ ਦੋਸ਼ ਹੇਠ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 150 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਮੰਦਿਰ ਦੀ ਸੁਰੱਖਿਆ ‘ਚ ਨਾਕਾਮੀ ਨੂੰ ਲੈ ਕੇ ਅਧਿਕਾਰੀਆਂ ਦੀ ਝਾੜ-ਝੰਬ ਕੀਤੀ ਸੀ। ਭੀੜ ਨੇ ਸਥਾਨਕ ਮਦਰੱਸੇ ‘ਚ ਕਥਿਤ ਤੌਰ ‘ਤੇ ਪਿਸ਼ਾਬ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਅੱਠ ਸਾਲਾ ਹਿੰਦੂ ਲੜਕੇ ਨੂੰ ਅਦਾਲਤ ਵੱਲੋਂ ਰਿਹਾਅ ਕੀਤੇ ਜਾਣ ਖ਼ਿਲਾਫ਼ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੌਂਗ ਕਸਬੇ ‘ਚ ਗਣੇਸ਼ ਮੰਦਰ ‘ਤੇ ਹਮਲਾ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਟਵੀਟ ਕੀਤਾ, ‘ਰਹੀਮ ਯਾਰ ਖਾਨ ‘ਚ ਇੱਕ ਮੰਦਿਰ ‘ਤੇ ਹਮਲੇ ਦੀ ਘਟਨਾ ਦੀ ਵੀਡੀਓ ਫੁਟੇਜ ਦੇ ਆਧਾਰ ‘ਤੇ ਹੁਣ ਤੱਕ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’ -ਪੀਟੀਆਈ