ਨਵੀਂ ਦਿੱਲੀ, 9 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਧਨਬਾਦ ਵਿੱਚ ਇਕ ਜੱਜ ਨੂੰ ਵਾਹਨ ਹੇਠ ਕੁਚਲਣ ਦੇ ਮਾਮਲੇ ਦੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਝਾਰਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਹਫ਼ਤਾਵਾਰੀ ਨਿਗਰਾਨੀ ਕੀਤੀ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਸੀਲਬੰਦ ਲਿਫਾਫੇ ਵਿੱਚ ਭੇਜੀ ਰਿਪੋਰਟ ਵਿੱਚ ਬਹੁਤੀ ਤਫ਼ਸੀਲ/ਜਾਣਕਾਰੀ ਨਹੀਂ ਹੈ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਅਤੇ ਜਸਟਿਸ ਵਿਨੀਤ ਸਰਣ ਤੇ ਜਸਟਿਸ ਸੂਰਿਆ ਕਾਂਤ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੀਬੀਆਈ ਨੂੰ ਹਦਾਇਤ ਕੀਤੀ ਕਿ ਉਹ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਹਰ ਹਫ਼ਤੇ ਜਮ੍ਹਾਂ ਕਰੇ ਤੇ ਚੀਫ਼ ਜਸਟਿਸ ਦੀ ਅਗਵਾਈ ਵਾਲਾ ਬੈਂਚ ਇਸ ਜਾਂਚ ਦੀ ਹਫ਼ਤਾਵਾਰੀ ਨਿਗਰਾਨੀ ਕਰੇ। ਪੀਟੀਆਈ