ਸੰਯੁਕਤ ਰਾਸ਼ਟਰ, 9 ਅਗਸਤ
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਉੱਚ ਪੱਧਰੀ ਖੁੱਲ੍ਹੀ ਬਹਿਸ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਮੂਲ ਸਿਧਾਂਤ ਅੱਗੇ ਰੱਖੇ। ਇਨ੍ਹਾਂ ਵਿਚ ਸਮੁੰਦਰੀ ਵਪਾਰ ਦੇ ਅੜਿੱਕੇ ਦੂਰ ਕਰਨਾ ਤੇ ਝਗੜਿਆਂ ਦਾ ਸ਼ਾਂਤੀਪੂਰਨ ਨਿਪਟਾਰਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਅਧਾਰ ‘ਤੇ ਹੀ ਸਮੁੰਦਰੀ ਸੁਰੱਖਿਆ ਵਿਚ ਤਾਲਮੇਲ ਬਾਰੇ ਆਲਮੀ ਪੱਧਰ ‘ਤੇ ਯੋਜਨਾਬੰਦੀ ਕੀਤੀ ਜਾ ਸਕੇਗੀ। ‘ਸਮੁੰਦਰੀ ਸੁਰੱਖਿਆ ਨੂੰ ਵਧਾਉਣਾ- ਕੌਮਾਂਤਰੀ ਤਾਲਮੇਲ ਲਈ ਅਹਿਮ’ ਸਿਰਲੇਖ ਹੇਠ ਹੋਈ ਵਿਚਾਰ-ਚਰਚਾ ਵਿਚ ਵੀਡੀਓ ਕਾਨਫਰੰਸ ਰਾਹੀਂ ਬਿਆਨ ਦਿੰਦਿਆਂ ਮੋਦੀ ਨੇ ਕਿਹਾ ਕਿ ਸਮੁੰਦਰੀ ਮਾਰਗਾਂ ਨੂੰ ਅਤਿਵਾਦੀ ਤੇ ਲੁਟੇਰੇ ਵਰਤ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੁੰਦਰ ਸੰਸਾਰ ਦੀ ਸਾਂਝੀ ਵਿਰਾਸਤ ਹਨ ਤੇ ਸਮੁੰਦਰੀ ਮਾਰਗ ਕੌਮਾਂਤਰੀ ਵਪਾਰ ਦੀ ਜੀਵਨ ਰੇਖਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਬ ਸਮੁੰਦਰੀ ਵਪਾਰ ਵਿਚ ਅੜਿੱਕੇ ਦੂਰ ਕਰਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਮਿਲ ਕੇ ਕਰਨਾ ਚਾਹੀਦਾ ਹੈ। -ਪੀਟੀਆਈ