ਗੁਰਬਖਸ਼ਪੁਰੀ
ਤਰਨ ਤਾਰਨ, 8 ਅਗਸਤ
ਤਰਨ ਤਾਰਨ ਸ਼ਹਿਰ ਨੇੜੇ ਅੱਜ ਸ਼ਾਮ ਵੇਲੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇੱਕ ਵੱਖਰੇ ਹਾਦਸੇ ਵਿੱਚ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ 15 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਇਕੱਤਰ ਜਾਣਕਾਰੀ ਅਨੁਸਾਰ ਕੌਮੀ ਸ਼ਾਹ ਮਾਰਗ ਨੰਬਰ-54 ‘ਤੇ ਪਿੰਡ ਕੱਦ ਗਿੱਲ ਨੇੜੇ ਦੋ ਕਾਰਾਂ ਦੀ ਆਹਮੋ- ਸਾਹਮਣੇ ਟੱਕਰ ਵਿੱਚ ਵਰਨਾ ਕਾਰ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਇੱਕ ਜਣਾ ਜ਼ਖ਼ਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਰਣਜੀਤ ਸਿੰਘ, ਬਚਿੱਤਰ ਸਿੰਘ, ਜਸਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਵਾਸੀ ਪਿੰਡ ਵਰਾਣਾ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 18 ਤੋਂ 24 ਸਾਲ ਦੇ ਕਰੀਬ ਹੈ। ਉਹ ਗੁਰਦੁਆਰਾ ਟਾਹਲਾ ਸਾਹਿਬ, ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਤਰਨ ਤਾਰਨ-ਅੰਮ੍ਰਿਤਸਰ ਸੜਕ ‘ਤੇ ਕੱਕਾ ਕੰਡਿਆਲਾ ਨੇੜੇ ਨਿਊ ਦੀਪ ਬੱਸ ਨਾਲ ਟਰੱਕ ਦੇ ਟਕਰਾਅ ਜਾਣ ਕਾਰਨ ਬੱਸ ਵਿੱਚ ਸਵਾਰ 15 ਮੁਸਾਫ਼ਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਵਿੱਚੋਂ 12 ਜਣਿਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਉਹ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ। ਜ਼ਖ਼ਮੀਆਂ ਦੇ ਇਲਾਜ ਦੀ ਨਿਗਰਾਨੀ ਲਈ ਸਿਵਲ ਸਰਜਨ ਡਾ. ਰੋਹਿਤ ਮਹਿਤਾ ਖ਼ੁਦ ਮੌਕੇ ‘ਤੇ ਪਹੁੰਚੇ। ਸ਼ਹਿਰ ਦੇ ਸਮਾਜ ਸੇਵੀਆਂ ਨੇ ਲੋੜਵੰਦਾਂ ਲਈ ਖੂਨਦਾਨ ਕੀਤਾ।