ਵਿੱਕੀ ਮਿੱਡੂਖੇੜਾ ਹੱਤਿਆ ਕਾਂਡ: ਹਨੇਰੇ ’ਚ ਤੀਰ ਮਾਰ ਰਹੀ ਹੈ ਪੁਲੀਸ

ਵਿੱਕੀ ਮਿੱਡੂਖੇੜਾ ਹੱਤਿਆ ਕਾਂਡ: ਹਨੇਰੇ ’ਚ ਤੀਰ ਮਾਰ ਰਹੀ ਹੈ ਪੁਲੀਸ


ਦਰਸ਼ਨ ਸਿੰਘ ਸੋਢੀ

ਮੁਹਾਲੀ, 10 ਅਗਸਤ

ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਾਤਲ ਹਾਲੇ ਤੱਕ ਫੜੇ ਨਹੀਂ ਗਏ ਹਨ ਅਤੇ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ। ਅੱਜ ਕੁਰੂਕਸ਼ੇਤਰ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਭੂਪੀ ਰਾਣਾ ਨੂੰ ਪੁਰਾਣੇ ਕਤਲ ਮਾਮਲੇ ਵਿੱਚ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭੂਪੀ ਰਾਣਾ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਐੱਸਐੱਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਭੂਪੀ ਰਾਣਾ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕੱਲ੍ਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟਾਂ ‘ਤੇ ਮੁਹਾਲੀ ਲਿਆਂਦਾ ਗਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਸੰਗਰੂਰ ਜੇਲ੍ਹ ਵਿੱਚ ਬੰਦ ਸੀ ਜਦੋਂਕਿ ਅਮਨ ਕੁਮਾਰ ਜੈਤੋ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦਾ ਗਿਆ ਹੈ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੁੱਢੇ ਨੂੰ ਚਾਰ ਦਿਨ ਅਤੇ ਅਮਨ ਜੈਤੋ ਨੂੰ 5 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਹੈ। ਪੁਲੀਸ ਨੇ ਇਹ ਸਾਰੀ ਕਾਰਵਾਈ ਬਹੁਤ ਗੁਪਤ ਰੱਖੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਪੰਜਾਬ ਅਤੇ ਗੁਆਂਢੀ ਸੂਬਿਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਵੀ ਪੁੱਛ ਪੜਛਾਲ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਨੂੰ ਗੈਂਗਸਟਰ ਵਿਨੈ ਦਿਓੜਾ ਵਾਸੀ ਫਰੀਦਕੋਟ ‘ਤੇ ਵੀ ਸ਼ੱਕ ਹੈ, ਕਿਉਂਕਿ ਵਿਨੈ ਖੱਬੂ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਵਾਰਦਾਤ ਦੀ ਵੀਡੀਓ ਵਿੱਚ ਇਕ ਸ਼ੂਟਰ ਆਪਣੇ ਖੱਬੇ ਹੱਥ ਵਿੱਚ ਪਿਸਤੌਲ ਫੜੀ ਹੋਈ ਨਜ਼ਰ ਆ ਰਿਹਾ ਹੈ, ਜਿਸ ਨੇ ਵਿੱਕੀ ਨੂੰ ਬਿਲਕੁਲ ਸਾਹਮਣਿਓਂ ਗੋਲੀ ਮਾਰੀ ਸੀ। ਵਿਨੈ, ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ, ਜਿਸ ਦਾ ਕੁੱਝ ਸਮਾਂ ਪਹਿਲਾਂ ਗੈਂਗਵਾਰ ਵਿੱਚ ਲਾਰੈਂਸ ਗਰੁੱਪ ਦੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਿਨੈ ਦਿਓੜਾ ਦਾ ਚਿਹਰਾ ਸ਼ੂਟਰ ਨਾਲ ਮਿਲਦਾ ਜੁਲਦਾ ਹੈ ਪਰ ਹੁਣ ਵਿਨੈ ਦਿਓੜਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਦਾ ਵਿੱਕੀ ਮਿੱਡੂਖੇੜਾ ਹੱਤਿਆ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲੀਸ ਜਾਣਬੁੱਝ ਕੇ ਉਸ ਦਾ ਨਾਮ ਉਛਾਲ ਰਹੀ ਹੈ। ਲਾਰੈਂਸ ਬਿਸ਼ਨੋਈ ਗਰੁੱਪ ਤੋਂ ਬਾਅਦ ਹੁਣ ਗੈਂਗਸਟਰ ਸੰਪਤ ਨਹਿਰਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਵਿੱਕੀ ਦੇ ਕਾਤਲਾਂ ਨੂੰ ਸੋਧਾ ਲਾਉਣ ਦੀ ਸਿੱਧੀ ਧਮਕੀ ਦਿੱਤੀ ਹੈ। ਇਸ ਧੜੇ ਦਾ ਕਹਿਣਾ ਹੈ ਕਿ ਉਹ ਇਕ ਦੇ ਬਦਲੇ ਚਾਰ ਮਾਰਨਗੇ। ਉਨ੍ਹਾਂ ਨੇ ਵਿੱਕੀ ਨੂੰ ਆਪਣਾ ਖਾਸ ਆਦਮੀ ਦੱਸਿਆ ਹੈ।



Source link