ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿੱਚ ਕੌਮੀ ਵਾਹਨ ਸਕਰੈਪ ਪਾਲਿਸੀ ਲਾਂਚ ਕੀਤੀ ਹੈ। ਇਸ ਯੋਜਨਾ ਰਾਹੀਂ ਅਣਫਿੱਟ ਵਾਹਨਾਂ ਨੂੰ ਵਿਗਿਆਨਕ ਢੰਗ ਨਾਲ ਸੜਕਾਂ ਤੋਂ ਹਟਾਇਆ ਜਾਵੇਗਾ ਤੇ ਦੇਸ਼ ਵਿੱਚ ਆਵਾਜਾਈ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਗੁਜਰਾਤ ਵਿੱਚ ਨਿਵੇਸ਼ਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਅਜਿਹੇ ਵਾਹਨ ਸੜਕਾਂ ‘ਤੇ ਚਲਣੇ ਬੰਦ ਹੋ ਜਾਣਗੇ ਤਾਂ ਪ੍ਰਦੂਸ਼ਣ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਵਾਹਨਾਂ ਨੂੰ ਰੀਸਾਈਕਲ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਮੰਤਵ ਲਈ ਸਰਕਾਰ ਵੱਲੋਂ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।