ਬਹਾਦਰਜੀਤ ਸਿੰਘ
ਰੂਪਨਗਰ, 14 ਅਗਸਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੀ ਰੂਪਨਗਰ ਸਥਿਤ ਕੋਠੀ ਨੇੜੇ ਐੱਨਪੀਐੱਸ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ ਕਰਕੇ ਐੱਨਪੀਐੱਸ ਤੋਂ ਆਜ਼ਾਦੀ ਦੀ ਮੰਗ ਕੀਤੀ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਪ੍ਰੇਮ ਸਿੰਘ ਠਾਕੁਰ ਨੇ ਕਿਹਾ ਕਿ ਸਹਿਜ ਚਾਲ ਤੇ ਮਜਬੂਤ ਇਰਾਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰ ਦਾ ਰਵੱਈਆ ਜੋ ਵੀ ਹੋਵੇ ਪਰ ਨਾ ਤਾਂ ਐੱਨਪੀਐੱਸ ਮੁਲਾਜਮਾਂ ਦਾ ਜੋਸ਼ ਠੰਢਾ ਪੈ ਰਿਹਾ ਹੈ ਤੇ ਨਾ ਹੀ ਇਰਾਦਿਆਂ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਐੱਨਪੀਐੱਸ ਤੋਂ ਅਜ਼ਾਦੀ ਦੇ ਨਾਅਰੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਪੰਜਾਬ ਭਰ ਦੇ ਐੱਨਪੀਐੱਸ ਮੁਲਾਜ਼ਮ ਹਲਕਾ ਵਿਧਾਇਕਾਂ ਦੇ ਘਰ ਅੱਗੇ ਤਖ਼ਤੀਆਂ ਅਤੇ ਬੈਨਰ ਦਿਖਾਉਂਦੇ ਹੋਏ ਵਿਧਾਇਕਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਧਰਨੇ ਦੇ ਰਹੇ ਹਨ। ਇਸ ਮੌਕੇ ਰਾਣਾ ਕੇਪੀ ਸਿੰਘ ਦੇ ਪੀਏ ਨੇ ਮੰਗ ਪੱਤਰ ਪ੍ਰਾਪਤ ਕੀਤਾ।