ਕੱਥੂਨੰਗਲ ਖੁਰਦ ’ਚ ਟਿੱਕ-ਟੌਕ ਬਣਾਉਂਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ


ਰਾਜਨ ਮਾਨ

ਮਜੀਠਾ, 16 ਅਗਸਤ

ਇਥੋਂ ਨੇੜਲੇ ਪਿੰਡ ਕੱਥੂਨੰਗਲ ਖੁਰਦ ਵਿੱਚ ਕੁਝ ਨੌਜਵਾਨਾਂ ਨੇ ਟਿੱਕ-ਟੌਕ ਬਣਾਉਂਦਿਆਂ ਸਾਥੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਕੁਝ ਨੌਜਵਾਨ ਇਕੱਠੇ ਹੋ ਕੇ ਰਾਈਫਲ ਲੈ ਕੇ ਟਿੱਕ-ਟੌਕ ‘ਤੇ ਵੀਡੀਓ ਬਣਾਉਣ ਲਈ ਇਕੱਠੇ ਹੋੲੇ ਸਨ। ਇਸ ਦੌਰਾਨ ਇਕ ਦੋਸਤ ਦੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੇ ਪਿਤਾ ਰਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਕੱਥੂਨੰਗਲ ਵਲੋਂ ਪੁਲੀਸ ਨੂੰ ਦਿੱਤੇ ਬਿਆਨ ਮੁਤਾਬਕ ਉਸ ਦਾ ਲੜਕਾ ਕਰਨਦੀਪ ਸਿੰਘ(16) ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਘਰ ਦਾ ਹੀ ਕੰਮਕਾਰ ਕਰਦਾ ਸੀ। ਪਿੰਡ ਦੇ ਨੌਜਵਾਨ ਸ਼ੇਰੂ, ਵਿਸ਼ਾਲ, ਸਨੀ ਅਤੇ ਮੰਗਲ ਸਿੰਘ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗੲੇ ਕਿ ਟਿੱਕ-ਟੌਕ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਵਾਂਗੇ। ਇਹ ਚਾਰੇ ਨੌਜਵਾਨ ਕਰਨਦੀਪ ਨੂੰ ਪਿੰਡ ਵਿੱਚ ਹੀ ਧੀਰ ਸਿੰਘ ਦੀ ਘਰ ਦੀ ਛੱਤ ‘ਤੇ ਲੈ ਗਏ। ਸ਼ੇਰੂ ਕੋਲ ਆਪਣੇ ਚਾਚਾ ਤੇ ਸਾਬਕਾ ਫੌਜੀ ਗੁਰਮੇਜ ਸਿੰਘ ਦੀ ਦੁਨਾਲੀ ਰਾਈਫ਼ਲ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕੇ ਉਕਤ ਦੋਸ਼ੀਆਂ ਨੇ ਉਸ ਦੇ ਪੁੱਤਰ ਨੂੰ ਛੱਤ ‘ਤੇ ਲਿਜਾ ਕੇ ਗੋਲੀ ਮਾਰ ਦਿੱਤੀ। ਦੋਸ਼ੀ ਮਗਰੋਂ ਉਸ ਦੇ ਬੇਟੇ ਨੂੰ ਫ਼ਤਹਿਗੜ੍ਹ ਚੂੜ੍ਹੀਆਂ ਰੋਡ ਸਥਿਤ ਨਿੱਜੀ ਹਸਪਤਾਲ ਛੱਡ ਕੇ ਉਥੋਂ ਫ਼ਰਾਰ ਹੋ ਗਏ| ਪਰਿਵਾਰਕ ਮੈਂਬਰ ਜਿੰਨੀ ਦੇਰ ਨੂੰ ਹਸਪਤਾਲ ਪੁੱਜੇ, ਓਨੀ ਦੇਰ ਨੂੰ ਕਰਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ| ਪੁਲੀਸ ਨੇ ਉਕਤ ਚਾਰੇ ਨੌਜਵਾਨਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|Source link