ਚੇਨੱਈ, 14 ਅਗਸਤ
ਚੋਣ ਵਾਅਦੇ ਮੁਤਾਬਕ ਤਾਮਿਲਨਾਡੂ ਦੀ ਡੀਐਮਕੇ ਸਰਕਾਰ ਨੇ ਵਿਧਾਨ ਸਭਾ ਵਿਚ ਖੇਤੀ ਬਜਟ ਵੱਖਰੇ ਤੌਰ ਉਤੇ ਪੇਸ਼ ਕੀਤਾ ਹੈ। ਇਸ ਬਜਟ ਵਿਚ ਕੇਵਲ ਖੇਤੀ ਨਾਲ ਸਬੰਧਤ ਸਕੀਮਾਂ ਹਨ ਜਿਨ੍ਹਾਂ ਦਾ ਮੰਤਵ ਖੇਤੀ ਸੈਕਟਰ ਦਾ ਵਿਆਪਕ ਵਿਕਾਸ ਹੈ। ਬਜਟ ਵਿਚ ਇਕ ਸਕੀਮ ਆਤਮ ਨਿਰਭਰ ਬਣਾਉਣ ਤੇ ਪਿੰਡਾਂ ਵਿਚ ਖੇਤੀ ਦੇ ਵਿਕਾਸ ਬਾਰੇ ਹੈ। ਬਜਟ ਪੇਸ਼ ਕਰਦਿਆਂ ਸੂਬੇ ਦੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਐਮ.ਆਰ.ਕੇ. ਪਨੀਰਸੇਲਵਮ ਨੇ ਕਿਹਾ ਕਿ ਕਿਸਾਨਾਂ ਤੇ ਮਾਹਿਰਾਂ ਦੇ ਵਿਚਾਰ ਮੰਗੇ ਗਏ ਸਨ ਤੇ ਬਜਟ ਉਨ੍ਹਾਂ ਮੁਤਾਬਕ ਹੀ ਤਿਆਰ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿੱਤੀ ਵਰ੍ਹੇ 2021-22 ਦੌਰਾਨ 34,220 ਕਰੋੜ ਰੁਪਏ ਖੇਤੀਬਾੜੀ ਤੇ ਸਬੰਧਤ ਵਿਭਾਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ, ਡੇਅਰੀ ਵਿਕਾਸ, ਸਿੰਜਾਈ, ਦਿਹਾਤੀ ਵਿਕਾਸ ਤੇ ਜੰਗਲਾਤ ਵਿਭਾਗ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ 4508 ਕਰੋੜ ਰੁਪਏ ਤੋਂ ਵੱਧ ਸਰਕਾਰੀ ਬਿਜਲੀ ਕੰਪਨੀ ਨੂੰ ਅਲਾਟ ਕੀਤੇ ਜਾਣਗੇ ਤਾਂ ਕਿ ਖੇਤੀਬਾੜੀ ਪੰਪ ਸੈੱਟਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਸਕੇ। ਕਿਸਾਨਾਂ ਦੀ ਖ਼ੁਸ਼ਹਾਲੀ ਤੇ ਖੇਤੀ ਕਾਮਿਆਂ ਦੀ ਭਲਾਈ ਲਈ ਕਾਵੇਰੀ ਡੈਲਟਾ ਖੇਤਰ ਨੂੰ ਐਗਰੋ ਇੰਡਸਟਰੀਅਲ ਕੌਰੀਡੋਰ ਐਲਾਨਣ ਦੀ ਤਜਵੀਜ਼ ਵੀ ਰੱਖੀ ਗਈ ਹੈ। -ਪੀਟੀਆਈ