ਭਾਰਤੀਆਂ ਨੂੰ ਜਲਦੀ ਕੱਢ ਲਿਆ ਜਾਵੇਗਾ: ਕੇਂਦਰ

ਭਾਰਤੀਆਂ ਨੂੰ ਜਲਦੀ ਕੱਢ ਲਿਆ ਜਾਵੇਗਾ: ਕੇਂਦਰ
ਭਾਰਤੀਆਂ ਨੂੰ ਜਲਦੀ ਕੱਢ ਲਿਆ ਜਾਵੇਗਾ: ਕੇਂਦਰ


ਨਵੀਂ ਦਿੱਲੀ: ਭਾਰਤ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ‘ਚ ਬਣੇ ਸੰਕਟ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਕਾਬੁਲ ਵਿੱਚ ਫ਼ਸੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਛੇਤੀ ਹੀ ਉੱਥੋਂ ਸੁਰੱਖਿਅਤ ਕੱਢ ਲਿਆ ਜਾਵੇਗਾ। ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਬੈਠਕ ਵੀ ਕੀਤੀ ਗਈ ਹੈ। ਇਸ ਵਿਚ ਭਾਰਤੀਆਂ ਨੂੰ ਕੱਢਣ ਬਾਰੇ ਵੱਖ-ਵੱਖ ਨੁਕਤਿਆਂ ਉਤੇ ਵਿਚਾਰ ਕੀਤਾ ਗਿਆ ਹੈ। ਬੈਠਕ ਵਿਚ ਵਿਦੇਸ਼ ਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਕਾਬੁਲ-ਦਿੱਲੀ ਉਡਾਣ ਰੱਦ ਹੋ ਗਈ ਹੈ ਤੇ ਹਾਲੇ ਵੀ ਕਈ ਭਾਰਤੀ ਅਫ਼ਗਾਨਿਸਤਾਨ ਵਿਚ ਮੌਜੂਦ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਸਰਕਾਰ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਕਿਸੇ ਹੋਰ ਮਾਧਿਅਮ ਰਾਹੀਂ ਵੀ ਅਫ਼ਗਾਨਿਸਤਾਨ ਨਾਲ ਗੱਲਬਾਤ ਕਰ ਰਹੀ ਹੈ। ਸੂਤਰਾਂ ਮੁਤਾਬਕ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯੋਜਨਾਬੰਦੀ ਹੋ ਰਹੀ ਹੈ। ਇਸੇ ਦੌਰਾਨ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਅਫ਼ਗਾਨਿਸਤਾਨ ਵਿਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉੱਥੇ ਸਥਿਤੀ ਬੇਹੱਦ ਚਿੰਤਾਜਨਕ ਹੈ ਤੇ ਭਾਰਤ ਦੇ ਰਣਨੀਤਕ ਹਿੱਤ ਵੀ ਦਾਅ ਉਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਕੱਢਣ ਲਈ ਕੋਈ ਢੁੱਕਵੀਂ ਯੋਜਨਾ ਨਾ ਬਣਾਉਣਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਸ ਸੀ ਕਿ ਸਰਕਾਰ ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਸਿਆਸੀ ਅਤੇ ਕੂਟਨੀਤਕ ਪੱਧਰ ‘ਤੇ ਠੋਸ ਕਦਮ ਚੁੱਕੇਗੀ। ਪਰ ਇਹ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਕਾਂਗਰਸ ਆਗੂ ਨੇ ਨਾਲ ਹੀ ਕਿਹਾ ਕਿ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਨਾਲ ਪਾਕਿਸਤਾਨ ਦੀ ਆਈਐੱਸਆਈ ਤੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਦੇ ਰਿਸ਼ਤੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਬਹੁਤ ਲੋੜ ਹੈ ਕਿ ਭਾਰਤ ਆਪਣੇ ਸਿਆਸੀ-ਭੂਗੋਲਿਕ ਹਿੱਤਾਂ ਉਤੇ ਮੁੜ ਗੌਰ ਕਰੇ, ਮੌਜੂਦਾ ਸਥਿਤੀ ਦੇ ਜੰਮੂ ਕਸ਼ਮੀਰ ਉਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਸਮੀਖਿਆ ਕੀਤੀ ਜਾਵੇ। ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ ਕਿ ਸਾਡੇ ਨਾਗਰਿਕਾਂ ਨੂੰ ਸੁਰੱਖਿਅਤ ਕਿਵੇਂ ਕੱਢਿਆ ਜਾਵੇਗਾ। ਅਫ਼ਗਾਨਿਸਤਾਨ ਨਾਲ ਭਵਿੱਖੀ ਰਿਸ਼ਤਿਆਂ ਬਾਰੇ ਵੀ ਖੁੱਲ੍ਹ ਕੇ ਦੱਸਣ ਦੀ ਲੋੜ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਾਗਰਿਕਾਂ ਤੇ ਦੇਸ਼ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਹ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਦੇ ਵੀ ਸੰਪਰਕ ਵਿਚ ਹਨ ਤੇ ਜੋ ਮੁਲਕ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉੱਥੋਂ ਲਿਆਉਣਾ ਯਕੀਨੀ ਬਣਾਇਆ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਈ ਅਫ਼ਗਾਨ ਹਨ ਜੋ ਕਈ ਪੱਖਾਂ ਤੋਂ ਭਾਰਤ ਦੇ ਸਹਿਯੋਗੀ ਰਹੇ ਹਨ, ਉਨ੍ਹਾਂ ਨਾਲ ਵੀ ਦੇਸ਼ ਖੜ੍ਹੇਗਾ। -ਪੀਟੀਆਈ

200 ਤੋਂ ਵੱਧ ਭਾਰਤੀ ਨਾਗਰਿਕ ਅਫ਼ਗਾਨਿਸਤਾਨ ਵਿਚ ਮੌਜੂਦ

ਭਾਰਤ ਸਰਕਾਰ ਦੇ ਰੱਖਿਆ ਤੇ ਵਿਦੇਸ਼ ਨੀਤੀ ਦੇ ਮਾਹਿਰ ਅਤੇ ਖ਼ੁਫੀਆ ਏਜੰਸੀਆਂ ਵੀ ਆਪੋ-ਆਪਣੇ ਪੱਧਰ ਉਤੇ ਮੀਟਿੰਗਾਂ ਕਰ ਰਹੇ ਹਨ। ਸੂਤਰਾਂ ਮੁਤਾਬਕ ਅਫ਼ਗਾਨਿਸਤਾਨ ਵਿਚ ਇਸ ਵੇਲੇ ਕਰੀਬ 200 ਭਾਰਤੀ ਮੌਜੂਦ ਹਨ। ਇਨ੍ਹਾਂ ਵਿਚ ਦੂਤਾਵਾਸ ਦਾ ਸਟਾਫ਼ ਤੇ ਸੁਰੱਖਿਆ ਕਰਮੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਹੈਵੀ-ਲਿਫ਼ਟ ਸੀ-17 ਗਲੋਬਮਾਸਟਰ ਫ਼ੌਜੀ ਜਹਾਜ਼ ਅਫ਼ਗਾਨਿਸਤਾਨ ਜਾਣ ਲਈ ਤਿਆਰ ਖੜ੍ਹੇ ਹਨ ਪਰ ਕਾਬੁਲ ਹਵਾਈ ਅੱਡੇ ਉਤੇ ਅਫਰਾ-ਤਫਰੀ ਕਾਰਨ ਫ਼ੈਸਲਾ ਲੈਣ ਵਿਚ ਦੇਰੀ ਹੋ ਰਹੀ ਹੈ। ਕੁਝ ਅਪੁਸ਼ਟ ਰਿਪੋਰਟਾਂ ਮੁਤਾਬਕ ਇਕ ਸੀ-17 ਜਹਾਜ਼ ਅੱਜ ਕਾਬੁਲ ਲਈ ਭੇਜਿਆ ਗਿਆ ਸੀ ਜੋ ਖਾਲੀ ਪਰਤ ਆਇਆ ਹੈ। ਭਾਰਤੀ ਨਾਗਰਿਕਾਂ ਨੂੰ ਦੂਤਾਵਾਸ ਤੇ ਹੋਰ ਥਾਵਾਂ ਤੋਂ ਹਵਾਈ ਅੱਡੇ ਤੱਕ ਲਿਆਉਣਾ ਵੀ ਚੁਣੌਤੀ ਹੈ। ਇਸ ਤੋਂ ਇਲਾਵਾ ਹਿੰਦੂ ਤੇ ਸਿੱਖ ਘੱਟ ਗਿਣਤੀ ਭਾਈਚਾਰੇ ਦੇ ਲੋਕ ਵੀ ਹਨ ਜੋ ਉੱਥੋਂ ਨਿਕਲਣਾ ਚਾਹੁੰਦੇ ਹਨ।Source link