ਪੰਜਾਬ ਵਿੱਚ ਪੜ੍ਹਦੇ ਅਫ਼ਗਾਨੀ ਵਿਦਿਆਰਥੀਆਂ ਨੂੰ ਪਰਿਵਾਰਾਂ ਦਾ ਫ਼ਿਕਰ ਸਤਾਉਣ ਲੱਗਿਆ

ਪੰਜਾਬ ਵਿੱਚ ਪੜ੍ਹਦੇ ਅਫ਼ਗਾਨੀ ਵਿਦਿਆਰਥੀਆਂ ਨੂੰ ਪਰਿਵਾਰਾਂ ਦਾ ਫ਼ਿਕਰ ਸਤਾਉਣ ਲੱਗਿਆ


ਚੰਡੀਗੜ੍ਹ, 17 ਅਗਸਤ

ਅਫ਼ਗਾਨਿਸਤਾਨ ਵਿੱਚ ਪੈਦਾ ਹੋਏ ਸਿਆਸੀ ਸੰਕਟ ਮਗਰੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਅਫ਼ਗਾਨੀ ਵਿਦਿਆਰਥੀ ਆਪਣੇ ਪਰਿਵਾਰਾਂ ਨੂੰ ਲੈ ਕੇ ਫ਼ਿਕਰਮੰਦ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹ ਰਹੇ ਅਫ਼ਗਾਨਿਸਤਾਨ ਦੇ ਨੂਰ ਅਲੀ ਨੂਰ ਨੇ ਕਿਹਾ, ”ਪਿਛਲੇ ਕਈ ਦਿਨਾਂ ਤੋਂ ਸਾਡੀ ਰਾਤਾਂ ਦੀ ਨੀਂਦ ਉਡੀ ਹੋਈ ਹੈ। ਸਾਡੇ ਪਰਿਵਾਰ ਹੁਣ ਤੱਕ ਸੁਰੱਖਿਅਤ ਹਨ, ਪਰ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਤੋਂ ਡਰੇ ਅਤੇ ਸਹਿਮੇ ਹੋਏ ਹਨ।” ਉਨ੍ਹਾਂ ਕਿਹਾ ਕਿ ਇਸਲਾਮ ਹਿੰਸਾ ਵਿੱਚ ਭਰੋਸਾ ਨਹੀਂ ਕਰਦਾ, ਪਰ ਤਾਲਿਬਾਨ ਆਪਣੇ ਵਿਚਾਰਾਂ ਤੇ ਏਜੰਡਿਆਂ ਨੂੰ ਲੋਕਾਂ ‘ਤੇ ਧੱਕੇ ਨਾਲ ਥੋਪਦੇ ਹਨ। ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ਵਿੱਚ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਲਿਆ ਸੀ। ਅਫ਼ਗਾਨੀ ਵਿਦਿਆਰਥੀਆਂ ਨੇ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। ਪੀਏਯੂ ਵਿੱਚ ਪੀਐੱਚ ਡੀ ਕਰ ਰਹੇ ਇੱਕ ਹੋਰ ਅਫ਼ਗਾਨੀ ਵਿਦਿਆਰਥੀ ਅਹਿਮਦ ਮੁਬਾਸ਼ਰ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਆਪਣੇ ਪਰਿਵਾਰਾਂ ਅਤੇ ਹੋਰ ਪਰਿਵਾਰਾਂ ਨੂੰ ਲੈ ਕੇ ਉਹ ਫ਼ਿਕਰਮੰਦ ਹੈ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਤੋਂ 11 ਵਿਦਿਆਰਥੀ ਪੀਏਯੂ ਵਿੱਚ ਉੱਚ ਪੱਧਰੀ ਪੜ੍ਹਾਈ ਕਰ ਰਹੇ ਹਨ। ਮੁਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਨੇ ਵੀ ਅਜਿਹਾ ਹੀ ਫ਼ਿਕਰ ਜ਼ਾਹਿਰ ਕੀਤਾ ਹੈ। ਇਸ ਸੰਸਥਾ ਵਿੱਚ 250 ਤੋਂ ਵੱਧ ਅਫ਼ਗਾਨੀ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲਿਆ ਹੋਇਆ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਫਗਵਾੜਾ ਦੇ ਡਾਇਰੈਕਟਰ ਅਮਨ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਕੈਂਪਸ ਦੇ ਸਾਰੇ ਅਫ਼ਗਾਨੀ ਵਿਦਿਆਰਥੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਘਰਾਂ ਨੂੰ ਭੇਜੇ ਗਏ ਸਨ। -ਪੀਟੀਆਈ



Source link