ਕੋਟਾ (ਰਾਜਸਥਾਨ), 18 ਅਗਸਤਰਾਜਸਥਾਨ ਦੇ ਬੁੰਦੀ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜੱਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਝਾਰਖੰਡ ਦੇ ਧਨਬਾਦ ਵਿੱਚ ਜੱਜ ਦੀ ਕਥਿਤ ਹੱਤਿਆ ਤੋਂ ਬਾਅਦ ਜੱਜ ਨੂੰ ਖਤਰੇ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਬੁੰਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜੱਜ ਸੁਧੀਰ ਪਾਰਿਕ ਨੂੰ 10 ਅਗਸਤ ਨੂੰ ਚਿੱਠੀ ਮਿਲੀ, ਜਿਸ ਵਿੱਚ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜੱਜ ਨੇ ਇਸ ਸਬੰਧ ਵਿੱਚ 11 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ। ਜੱਜ ਦੁਆਰਾ ਦਰਜ ਕੀਤੀ ਐੱਫਆਈਆਰ ਅਨੁਸਾਰ ਹਿੰਦੀ ਵਿੱਚ ਧਮਕੀ ਭਰੀ ਚਿੱਠੀ ਵਿੱਚ ਲਿਖਿਆ ਹੈ, ‘ਜੱਜ ਸਾਹਬ, ਅਸੀਂ ਤੁਹਾਨੂੰ 13 ਸਤੰਬਰ ਨੂੰ ਮਾਰ ਦੇਵਾਂਗੇ। ਜੇ ਤੁਸੀਂ ਕੁੱਝ ਕਰ ਸਕਦੇ ਹੋ ਤਾਂ ਆਪਣੇ ਆਪ ਨੂੰ ਬਚਾਓ ਪਰ ਤੁਸੀਂ ਅਜਿਹਾ ਕਰ ਨਹੀਂ ਸਕੋਗੇ। ਤੁਹਾਡੇ ਤੋਂ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਇਹ ਕਦਮ ਮਾਫੀਆ ਦੀ ਮਦਦ ਨਾਲ ਚੁੱਕਣਾ ਪਿਆ ਹੈ।” ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜੱਜ ਦੇ ਪਰਿਵਾਰ ਨੇ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਨਹੀਂ ਤਾਂ ਉਸ ਦੇ ਘਰ ਨੂੰ ਉਡਾ ਦੇਣਾ ਸੀ। ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ, “ਤੁਹਾਨੂੰ ਬਚਣ ਦਾ ਮੌਕਾ ਦਿੱਤਾ ਜਾਂਦਾ ਹੈ ਜਿਵੇਂ ਤੁਸੀਂ ਅਦਾਲਤ ਵਿੱਚ ਮੁਲਜ਼ਮਾਂ ਲਈ ਕਰਦੇ ਹੋ।”