ਸੂਬੇ ਦੇ ਇੰਜਨੀਅਰਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ

ਸੂਬੇ ਦੇ ਇੰਜਨੀਅਰਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ
ਸੂਬੇ ਦੇ ਇੰਜਨੀਅਰਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ


ਖੇਤਰੀ ਪ੍ਰਤੀਨਿਧ

ਪਟਿਆਲਾ, 18 ਅਗਸਤ

ਛੇਵੇਂ ਪੇਅ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਤੇ ਹੋਰ ਮੰਗਾਂ ਦੀ ਪੂਰਤੀ ਲਈ ‘ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਪੰਜਾਬ’ ਦੇ ਸੱਦੇ ‘ਤੇ ਅੱਜ ਪੰਜਾਬ ਦੇ ਸਮੂਹ ਵਿਭਾਗਾਂ ਦੇ ਹਜ਼ਾਰਾਂ ਇੰਜਨੀਅਰਾਂ ਨੇ ਸੂਬਾਈ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਦੀ ਅਗਵਾਈ ਹੇਠ ਤਿੰਨ ਰੋਜ਼ਾ ਸੂਬਾਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹੜਤਾਲੀ ਇੰਜਨੀਅਰਾਂ ਨੇ ਅੱਜ ਪਹਿਲੇ ਦਿਨ ਹੀ ਪੰਜਾਬ ਭਰ ‘ਚ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਧਰਨੇ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ। ਹੈੱਡਕੁਆਰਟਰ ਪਟਿਆਲਾ ਤੋਂ ਜਾਰੀ ਬਿਆਨ ਵਿੱਚ ਕੌਂਸਲ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੇਖੋਂ ਅਤੇ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਚੰਡੀਗੜ੍ਹ, ਰੋਪੜ, ਸੰਗਰੂਰ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਫ਼ਰੀਦਕੋਟ, ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਵਿੱਚ ਹੜਤਾਲ ਦੌਰਾਨ ਲਾਏ ਧਰਨਿਆਂ ਵਿੱਚ ਸਰਕਾਰ ਨੂੰ ਕੋਸਿਆ ਗਿਆ। ਕੌਂਸਲ ਦੇ ਬੁਲਾਰੇ ਕਰਮਜੀਤ ਸਿੰਘ ਬੀਹਲਾ ਅਤੇ ਕਮਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬਾਈ ਹੜਤਾਲ ਅਤੇ ਧਰਨੇ 19 ਅਤੇ 20 ਅਗਸਤ ਨੂੰ ਵੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਪਟਿਆਲਾ ਵਿੱਚ ਸੂਬਾਈ ਰੋਸ ਰੈਲੀ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਹ ਹੜਤਾਲ ਹਾਲ ਹੀ ‘ਚ ਜਾਰੀ ਕੀਤੇ ਗਏ ਛੇਵੇਂ ਪੇਅ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਅਤੇ ਇੰਜਨੀਅਰਾਂ ਦੇ ਬੰਦ ਕੀਤੇ ਗਏ ਪੈਟਰੋਲ ਭੱਤੇ ਦੀ ਬਹਾਲੀ ਸਮੇਤ ਹੋਰ ਮੰਗਾਂ ਦੀ ਪੂਰਤੀ ਯਕੀਨੀ ਬਣਵਾਉਣ ਲਈ ਕੀਤੀ ਗਈ ਹੈ। ਕਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਹੜਤਾਲ ਵਿੱਚ ਕੌਂਸਲ ਨਾਲ ਸਬੰਧਤ ਹਜ਼ਾਰਾਂ ਜੇਈਜ਼, ਏਈਜ਼ ਸਮੇਤ ਪਦਉੱਨਤ ਐੱਸਡੀਓਜ਼ ਅਤੇ ਐਕਸੀਅਨ ਵੀ ਹਿੱਸਾ ਲੈ ਰਹੇ ਹਨ।Source link