ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਅਗਸਤ
ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਆਪਣੇ ਸੀ-130ਜੇ ਮਾਲਵਾਹਕ ਜਹਾਜ਼ ਰਾਹੀਂ ਕਾਬੁਲ ਵਿੱਚ ਫਸੇ 85 ਤੋਂ ਵਧ ਭਾਰਤੀਆਂ ਨੂੰ ਵਾਪਸ ਮੁਲਕ ਲਿਆਂਦਾ ਹੈ। ਇਹ ਦਾਅਵਾ ਖ਼ਬਰ ਏਜੰਸੀ ਏਐੱਨਆਈ ਨੇ ਕੀਤਾ ਹੈ। ਖ਼ਬਰ ੲੇਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਹਵਾਈ ਸੈਨਾ ਦਾ ਜਹਾਜ਼ ਈਂਧਣ ਭਰਵਾਉਣ ਲਈ ਕੁਝ ਦੇਰ ਤਾਜਿਕਿਸਤਾਨ ਵਿੱਚ ਵੀ ਰੁਕਿਆ। ਕਾਬਿਲੇਗੌਰ ਹੈ ਕਿ ਭਾਰਤ, ਅਫ਼ਗ਼ਾਨਿਸਤਾਨ ਵਿਚਲੀਆਂ ਆਪਣੀਆਂ ਅੰਬੈਸੀਆਂ ਦੇ ਸਾਰੇ ਸਟਾਫ਼ ਨੂੰ ਪਹਿਲਾਂ ਹੀ ਉਥੋਂ ਕੱਢ ਚੁੱਕਾ ਹੈ ਜਦੋਂਕਿ 1000 ਦੇ ਕਰੀਬ ਭਾਰਤੀ ਨਾਗਰਿਕ ਅਜੇ ਵੀ ਜੰਗ ਦੇ ਝੰਬੇ ਇਸ ਮੁਲਕ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੌਜੂਦ ਹਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਲੋਕੇਸ਼ਨ ਤੇ ਮੌਜੂਦਾ ਹਾਲਾਤ ਦਾ ਪਤਾ ਲਾਉਣਾ ਕਾਫ਼ੀ ਚੁਣੌਤੀਪੂਰਣ ਹੈ ਕਿਉਂਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਖ਼ੁਦ ਨੂੰ ਅੰਬੈਸੀ ਵਿਚ ਪੰਜੀਕ੍ਰਿਤ ਨਹੀਂ ਕਰਵਾਇਆ ਸੀ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਸੈਨਾ ਦਾ ਸੀ-17 ਮਾਲਵਾਹਕ ਜਹਾਜ਼ ਕਾਬੁਲ ਹਵਾਈ ਅੱਡੇ ‘ਤੇ ਮੌਜੂਦ ਹੈ।