ਕਾਬੁਲ, 21 ਅਗਸਤ
ਤਾਲਿਬਾਨ ਦੇ ਸਹਿ ਬਾਨੀ ਮੁੱਲ੍ਹਾ ਬਰਾਦਰ ਨੇ ਅੱਜ ਇਥੇ ਪਹੁੰਚ ਕੇ ਨਵੀਂ ਅਫ਼ਗਾਨ ਸਰਕਾਰ ਦੇ ਗਠਨ ਲਈ ਹੋਰ ਆਗੂਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਉਂਜ ਇਕ ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਫ਼ੌਜ ਦੇ 31 ਅਗਸਤ ਨੂੰ ਵਾਪਸੀ ਤੱਕ ਉਹ ਨਵੀਂ ਸਰਕਾਰ ਦਾ ਗਠਨ ਨਹੀਂ ਕਰਨਗੇ। ਉਧਰ ਤਾਲਿਬਾਨ ਵੱਲੋਂ ਹਿੰਸਾ ਦੀਆਂ ਰਿਪੋਰਟਾਂ ਵਿਚਕਾਰ ਕਾਬੁਲ ਹਵਾਈ ਅੱਡੇ ‘ਤੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਕਾਰਨ ਬਦਅਮਨੀ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਸੁਰੱਖਿਆ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਪੱਛਮੀ ਮੁਲਕਾਂ ਨੂੰ ਆਪਣੇ ਨਾਗਰਿਕ ਅਫ਼ਗਾਨਿਸਤਾਨ ‘ਚੋਂ ਕੱਢਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਤਾਲਿਬਾਨ ਅਧਿਕਾਰੀ ਨੇ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਦੇ ਅੰਦਰ ਅਫ਼ਗਾਨਿਸਤਾਨ ‘ਚ ਰਾਜ ਲਈ ਨਵਾਂ ਮਾਡਲ ਤਿਆਰ ਕਰਨ ਸਬੰਧੀ ਯੋਜਨਾ ਬਣਾਈ ਗਈ ਹੈ। ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਵਿੱਤੀ ਮਸਲਿਆਂ ਨਾਲ ਸਿੱਝਣ ਲਈ ਵੱਖਰੀਆਂ ਟੀਮਾਂ ਬਣਾਈਆਂ ਜਾਣਗੀਆਂ। ਉਸ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ,”ਸਾਬਕਾ ਸਰਕਾਰ ਦੇ ਮਾਹਿਰਾਂ ਨੂੰ ਸੰਕਟ ਦੇ ਹੱਲ ਲਈ ਤਾਇਨਾਤ ਕੀਤਾ ਜਾਵੇਗਾ। ਪੱਛਮੀ ਮੁਲਕਾਂ ਦੀ ਪਰਿਭਾਸ਼ਾ ਮੁਤਾਬਕ ਨਵੀਂ ਸਰਕਾਰ ਦਾ ਢਾਂਚਾ ਭਾਵੇਂ ਜਮਹੂਰੀ ਨਹੀਂ ਹੋਵੇਗਾ ਪਰ ਸਰਕਾਰ ਸਾਰਿਆਂ ਦੇ ਹੱਕਾਂ ਦੀ ਰਾਖੀ ਕਰੇਗੀ।” ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ੇ ਮਗਰੋਂ ਕਿਹਾ ਹੈ ਕਿ ਉਹ ਸ਼ਾਂਤੀ ਚਾਹੁੰਦੇ ਹਨ, ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲੈਣਗੇ ਅਤੇ ਸ਼ਰੀਆ ਕਾਨੂੰਨ ਦੇ ਖਾਕੇ ਅੰਦਰ ਰਹਿ ਕੇ ਔਰਤਾਂ ਦੇ ਹੱਕਾਂ ਦਾ ਸਨਮਾਨ ਕਰਨਗੇ। ਬਰਾਦਰ ਤਾਲਿਬਾਨ ਕਮਾਂਡਰਾਂ, ਪਿਛਲੀ ਸਰਕਾਰ ਦੇ ਆਗੂਆਂ, ਨੀਤੀਆਂ ਘਾੜਿਆਂ ਅਤੇ ਧਾਰਮਿਕ ਵਿਦਵਾਨਾਂ ਨਾਲ ਮੁਲਾਕਾਤ ਕਰਨਗੇ। ਨਾਟੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜਧਾਨੀ ‘ਚ ਤਾਲਿਬਾਨ ਦੇ ਦਾਖ਼ਲੇ ਮਗਰੋਂ ਸਫ਼ਾਰਤਖਾਨਿਆਂ ਅਤੇ ਕੌਮਾਂਤਰੀ ਏਡ ਗਰੁੱਪਾਂ ਨਾਲ ਕੰਮ ਕਰਦੇ ਕਰੀਬ 12 ਹਜ਼ਾਰ ਵਿਦੇਸ਼ੀਆਂ ਨੂੰ ਕਾਬੁਲ ਹਵਾਈ ਅੱਡੇ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ। ਲੋਕਾਂ ਨੂੰ ਮੁਲਕ ‘ਚੋਂ ਕੱਢਣ ਦਾ ਕੰਮ ਬਹੁਤ ਹੌਲੀ ਚੱਲ ਰਿਹਾ ਹੈ ਤਾਂ ਜੋ ਤਾਲਿਬਾਨ ਨਾਲ ਕੋਈ ਝੜਪਾਂ ਨਾ ਹੋ ਸਕਣ। ਹਜ਼ਾਰਾਂ ਲੋਕ ਸ਼ਨਿਚਰਵਾਰ ਨੂੰ ਇਸ ਗੱਲ ਦੀ ਉਡੀਕ ਕਰਦੇ ਰਹੇ ਕਿ ਅਮਰੀਕਾ ਇਥੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜਾਂ ਨਹੀਂ। ਇਸ ਦੌਰਾਨ ਅਮਰੀਕੀ ਹੈਲੀਕਾਪਟਰਾਂ ਨੂੰ ਕਾਬੁਲ ਹਵਾਈ ਅੱਡੇ ਅਤੇ ਉਸ ਦੇ ਰਾਹ ‘ਚ ਆਉਣ ਵਾਲੀਆਂ ਹੋਰ ਥਾਵਾਂ ਤੋਂ ਲੋਕਾਂ ਨੂੰ ਕੱਢਦੇ ਹੋਏ ਦੇਖਿਆ ਗਿਆ। ਉਧਰ ਅਮਰੀਕੀ ਫ਼ੌਜੀਆਂ ਦੀ ਪੂਰੀ ਤਰ੍ਹਾਂ ਨਾਲ ਅਫ਼ਗਾਨਿਸਤਾਨ ‘ਚੋਂ ਵਾਪਸੀ ਦੀ 31 ਅਗਸਤ ਦੀ ਸਮਾਂ ਹੱਦ ਨੇੜੇ ਆਉਂਦੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਰਾਤ ਤੱਕ ਇਸ ਨੂੰ ਵਧਾਉਣ ਬਾਰੇ ਕੋਈ ਗੱਲ ਨਹੀਂ ਕੀਤੀ। ਪਿਛਲੀ ਸਰਕਾਰ ‘ਚ ਅਧਿਕਾਰੀ ਰਹੇ ਅਬਦੁੱਲਾ ਅਬਦੁੱਲਾ ਨੇ ਟਵੀਟ ਕੀਤਾ ਕਿ ਉਨ੍ਹਾਂ ਅਤੇ ਕਰਜ਼ਈ ਨੇ ਸ਼ਨਿਚਰਵਾਰ ਨੂੰ ਕਾਬੁਲ ਲਈ ਤਾਲਿਬਾਨ ਦੇ ਕਾਰਜਕਾਰੀ ਗਵਰਨਰ ਨਾਲ ਮੁਲਾਕਾਤ ਕੀਤੀ। -ਰਾਇਟਰਜ਼
ਤਾਲਿਬਾਨ ਅਮਰੀਕਾ ਸਮੇਤ ਸਾਰੇ ਮੁਲਕਾਂ ਨਾਲ ਚੰਗੇ ਰਿਸ਼ਤੇ ਚਾਹੁੰਦੈ: ਬਰਾਦਰ
ਕਾਬੁਲ: ਤਾਲਿਬਾਨ ਦੇ ਸਿਆਸੀ ਮੁਖੀ ਮੁੱਲ੍ਹਾ ਅਬਦੁੱਲ ਗ਼ਨੀ ਬਰਾਦਰ ਨੇ ਕਿਹਾ ਹੈ ਕਿ ਉਹ ਅਮਰੀਕਾ ਸਮੇਤ ਸਾਰੇ ਮੁਲਕਾਂ ਨਾਲ ਆਰਥਿਕ ਅਤੇ ਵਪਾਰਕ ਸਬੰਧ ਬਣਾਉਣਾ ਚਾਹੁੰਦੇ ਹਨ। ਬਰਾਦਰ ਨੇ ਆਪਣੇ ਟਵੀਟ ‘ਚ ਕਿਹਾ,”ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਾਰੇ ਮੁਲਕਾਂ, ਖਾਸ ਕਰਕੇ ਅਮਰੀਕਾ ਨਾਲ ਕੂਟਨਤੀਕ ਅਤੇ ਵਾਪਰਕ ਰਿਸ਼ਤੇ ਬਣਾਉਣਾ ਚਾਹੁੰਦਾ ਹੈ।” ਉਸ ਨੇ ਕਿਹਾ ਕਿ ਤਾਲਿਬਾਨ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਉਹ ਕਿਸੇ ਮੁਲਕ ਨਾਲ ਵਪਾਰਕ ਸਬੰਧ ਨਹੀਂ ਚਾਹੁੰਦਾ ਹੈ। ‘ਸਿਰਫ਼ ਪ੍ਰਚਾਰ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ‘ਚ ਕੁਝ ਵੀ ਸੱਚਾਈ ਨਹੀਂ ਹੈ।‘ -ਆਈਏਐਨਐਸ
ਬਾਇਡਨ ਨੂੰ ਕਾਬੁਲ ਵਿੱਚ ਕਈ ਜਾਨਾਂ ਜਾਣ ਦਾ ਖ਼ਦਸ਼ਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਤੋਂ ਵੱਡੇ ਪੱਧਰ ‘ਤੇ ਲੋਕਾਂ ਨੂੰ ਕੱਢਣ ਦੌਰਾਨ ਕਈ ਜਾਨਾਂ ਜਾਣ ਦਾ ਜੋਖਿਮ ਹੈ। ਉਨ੍ਹਾਂ ਕਾਬੁਲ ਤੋਂ ਉਡਾਣਾਂ ਰਾਹੀਂ ਵੱਡੇ ਪੱਧਰ ‘ਤੇ ਲੋਕਾਂ ਨੂੰ ਕੱਢਣ ਦੇ ਕੰਮ ਨੂੰ ਇਤਿਹਾਸ ਦੀ ਸਭ ਤੋਂ ਮੁਸ਼ਕਲ ਮੁਹਿੰਮ ਕਰਾਰ ਦਿੱਤਾ ਹੈ। ਉਂਜ ਬਾਇਡਨ ਨੇ ਅਹਿਦ ਲਿਆ ਹੈ ਕਿ ਉਹ ਅਮਰੀਕੀਆਂ ਅਤੇ ਸਹਿਯੋਗੀ ਮੁਲਕਾਂ ਦੇ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਵਤਨ ਵਾਪਸ ਲੈ ਕੇ ਆਉਣਗੇ। ਵ੍ਹਾਈਟ ਹਾਊਸ ‘ਚ ਬਾਇਡਨ ਨੇ ਕਿਹਾ ਕਿ ਅਮਰੀਕਾ ਨੇ ਜੁਲਾਈ ਤੋਂ ਹੁਣ ਤੱਕ 18 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਿਆ ਹੈ। ਬਾਇਡਨ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਵਾਪਸ ਸੱਦਣ ਦੇ ਫ਼ੈਸਲੇ ਨੂੰ ਮੁੜ ਜਾਇਜ਼ ਠਹਿਰਾਇਆ ਹੈ। -ਪੀਟੀਆਈ
ਤਿੰਨ ਜ਼ਿਲ੍ਹਿਆਂ ਵਿੱਚੋਂ ਤਾਲਿਬਾਨ ਦਾ ਸਫ਼ਾਇਆ
ਕਾਬੁਲ: ਅਫ਼ਗਾਨਿਸਤਾਨ ਦੇ ਉੱਤਰੀ ਬਗ਼ਲਾਨ ਸੂਬੇ ਦੇ ਪੋਲ-ਏ-ਹੇਸਾਰ ਜ਼ਿਲ੍ਹੇ ‘ਚ ਹਥਿਆਰਬੰਦ ਗੁੱਟਾਂ ਨੇ ਹਮਲਾ ਕਰਕੇ ਇਲਾਕੇ ਨੂੰ ਤਾਲਿਬਾਨ ਤੋਂ ਖਾਲੀ ਕਰਵਾ ਲਿਆ ਹੈ। ਤਾਲਿਬਾਨ ਨੂੰ ਪਹਿਲੀ ਵਾਰ ਅਫ਼ਗਾਨਿਸਤਾਨ ਪੱਖੀ ਲੋਕਾਂ ਨਾਲ ਲੋਹਾ ਲੈਣਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਦੋ ਹੋਰ ਜ਼ਿਲ੍ਹਿਆਂ ਦੇਹ ਸਾਲਾਹ ਅਤੇ ਕਾਸਾਨ ਵੀ ਤਾਲਿਬਾਨ ਤੋਂ ਖੋਹ ਲਏ ਗਏ ਹਨ। ਸਾਬਕਾ ਕਾਰਜਕਾਰੀ ਰੱਖਿਆ ਮੰਤਰੀ ਬਿਸਮਿਲ੍ਹਾ ਮੁਹੰਮਦੀ ਨੇ ਟਵਿੱਟਰ ‘ਤੇ ਤਾਲਿਬਾਨ ਖ਼ਿਲਾਫ਼ ਲੋਕ ਰੋਹ ਉੱਠਣ ਦੀ ਜਾਣਕਾਰੀ ਦਿੱਤੀ। ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਸੰਘਰਸ਼ ਦੌਰਾਨ 40 ਤਾਲਿਬਾਨ ਲੜਾਕੇ ਮਾਰੇ ਗਏ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਅਹਿਦ ਲਿਆ ਹੈ ਕਿ ਉਹ ਕਦੇ ਵੀ ਆਤਮ ਸਮਰਪਣ ਨਹੀਂ ਕਰੇਗਾ ਅਤੇ ਤਾਲਿਬਾਨ ਨਾਲ ਟੱਕਰ ਲੈਂਦਾ ਰਹੇਗਾ। -ਆਈਏਐਨਐਸ
ਤਾਲਿਬਾਨ ਨੇ ਹੇਰਾਤ ਸੂਬੇ ‘ਚ ਕੋ-ਐਜੂਕੇਸ਼ਨ ‘ਤੇ ਪਾਬੰਦੀ ਲਾਈ
ਕਾਬੁਲ: ਅਫ਼ਗਾਨਿਸਤਾਨ ‘ਚ ਔਰਤਾਂ ਦੇ ਹੱਕਾਂ ਦਾ ਸਨਮਾਨ ਕਰਨ ਦਾ ਅਹਿਦ ਲੈਣ ਦੇ ਕੁਝ ਦਿਨਾਂ ਮਗਰੋਂ ਹੀ ਤਾਲਿਬਾਨ ਨੇ ਹੇਰਾਤ ਸੂਬੇ ‘ਚ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ ਕੋ-ਐਜੂਕੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸਮਾਜ ‘ਚ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਖਾਮਾ ਪ੍ਰੈੱਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਪ੍ਰੋਫੈਸਰਾਂ, ਪ੍ਰਾਈਵੇਟ ਅਦਾਰਿਆਂ ਦੇ ਮਾਲਕਾਂ ਅਤੇ ਤਾਲਿਬਾਨ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ੇ ਮਗਰੋਂ ਇਹ ਪਹਿਲਾ ‘ਫਤਵਾ’ ਜਾਰੀ ਕੀਤਾ ਹੈ। ਤਾਲਿਬਾਨ ਦੇ ਨੁਮਾਇੰਦੇ ਅਤੇ ਅਫ਼ਗਾਨਿਸਤਾਨ ‘ਚ ਉਚੇਰੀ ਸਿੱਖਿਆ ਦੇ ਮੁਖੀ ਮੁੱਲ੍ਹਾ ਫਰੀਦ ਨੇ ਬੈਠਕ ਦੌਰਾਨ ਕਿਹਾ ਕਿ ਇਸ ਦਾ ਕੋਈ ਬਦਲ ਨਹੀਂ ਹੈ ਅਤੇ ਕੋ-ਐਜੂਕੇਸ਼ਨ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿਰਫ਼ ਮਹਿਲਾ ਅਧਿਆਪਕ ਹੀ ਪੜ੍ਹਾਉਣਗੀਆਂ। -ਪੀਟੀਆਈ