ਸੰਤੋਖ ਗਿੱਲ/ਰਾਮ ਗੋਪਾਲ ਰਾਏਕੋਟੀ
ਗੁਰੂਸਰ ਸੁਧਾਰ/ਰਾਏਕੋਟ, 21 ਅਗਸਤ
ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆ ਹਮਲੇ ਵਿੱਚ ਇੰਡੋ-ਤਿੱਬਤ ਬਾਰਡਰ ਪੁਲੀਸ ਦੇ ਸ਼ਹੀਦ ਹੋਏ ਦੋ ਜਵਾਨਾਂ ਵਿੱਚੋਂ ਇੱਕ ਜਵਾਨ ਗੁਰਮੁਖ ਸਿੰਘ ਲੁਧਿਆਣਾ ਜ਼ਿਲ੍ਹੇ ਅਧੀਨ ਰਾਏਕੋਟ ਤਹਿਸੀਲ ਦੇ ਪਿੰਡ ਝੋਰੜਾਂ ਦਾ ਵਸਨੀਕ ਹੈ। ਪਿਤਾ ਜੰਗੀਰ ਸਿੰਘ, ਭਰਾ ਕਰਮ ਸਿੰਘ ਅਤੇ ਪੰਚਾਇਤ ਮੈਂਬਰ ਮੁਖ਼ਤਿਆਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਗੁਰਮੁਖ ਸਿੰਘ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਉਸ ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਵਿਰਾਸਤ ਨੂੰ ਕਾਇਮ ਰੱਖਦਿਆਂ ਆਪਣੇ ਪਿੰਡ ਦਾ ਨਾਂ ਇਕ ਵਾਰ ਫਿਰ ਉੱਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਮੁਖ ਸਿੰਘ ਦਾ 22 ਅਗਸਤ ਐਤਵਾਰ ਨੂੰ ਦੁਪਹਿਰ 11 ਵਜੇ ਦੇ ਕਰੀਬ ਪਿੰਡ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੌਰਾਨ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਗੁਰਮੁਖ ਸਿੰਘ ਦੇ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੋਣ ਲਈ ਉਸ ਦੇ ਗ੍ਰਹਿ ਪਿੰਡ ਝੋਰੜਾਂ ਪੁੱਜੇ। ਪਿਤਾ ਜੰਗੀਰ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਗੁਰਮੁਖ ਸਿੰਘ ਦੀ ਸ਼ਹਾਦਤ ਨਾਲ ਇਕੱਲੇ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।