ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਗਸਤ
ਪੈਨਸ਼ਨ ਸਕੀਮ ਦੀ ਬਹਾਲੀ ਲਈ ਇਥੇ ਪੰਜਾਬ ਦੇ ਮੁਲਾਜ਼ਮਾਂ ਦੀ ਸੂਬਾਈ ਰੈਲੀ ਵਿੱਚ ਹਜ਼ਾਰਾਂ ਮੁਲਾਜ਼ਮ ਪੁੱਜੇ। ਇਸ ਰੈਲੀ ਦੀ ਅਗਵਾਈ ਸੀਪੀਐੱਫ ਦੇ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਨੇ ਕੀਤੀ। ਰੈਲੀ ਵਿੱਚ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਤੇ ਡਾ. ਦਰਸ਼ਨਪਾਲ ਸਮੇਤ ਕੁਝ ਹੋਰ ਕਿਸਾਨ ਆਗੂ ਵੀ ਪੁੱਜੇ। ਇਸ ਰੈਲੀ ‘ਚ ਰਾਜਸੀ ਨੇਤਾਵਾਂ ਦੀ ਸ਼ਮੂਲੀਅਤ ਦੇ ਰੋਸ ਵਜੋਂ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਮੰਚ ਤੋਂ ਹੇਠਾਂ ਉੱਤਰ ਗਏ ਤੇ ਚਲੇ ਗਏ। ਉਂਝ ਉਹ ਰੈਲੀ ਨੂੰ ਸੰਬੋਧਨ ਕਰਨ ਲੱਗ ਗਏ ਸਨ ਪਰ ਆਪਣਾ ਭਾਸ਼ਣ ਅਜੇ ਸ਼ੁਰੂ ਹੀ ਕੀਤਾ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੰਚ ਤੇ ਆਪ ਆਗੂ ਹਰਪਾਲ ਸਿੰਘ ਚੀਮਾ ਵੀ ਮੌਜੂਦ ਹਨ ਤਾਂ ਉਹ ਇਹ ਕਹਿ ਕੇ ਹੇਠਾਂ ਉਤਰ ਗਏ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਇਸ ਰੈਲੀ ਵਿੱਚ ਰਾਜਸੀ ਆਗੂਆਂ ਲਈ ਪੁੱਜਣਾ ਹੈ ਤਾਂ ਉਹ ਕਦੇ ਵੀ ਨਹੀਂ ਸਨ ਆਉਂਦੇ। ਉਨ੍ਹਾਂ ਐਲਾਨ ਕੀਤਾ ਕਿ ਜੇ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਰਾਜਸੀ ਆਗੂ ਸ਼ਿਰਕਤ ਕਰਨਗੇ ਤਾਂ ਉਹ ਉਨ੍ਹਾਂ ਨੂੰ ਬਾਹਰੋਂ ਹਮਾਇਤ ਕਰਨਗੇ ਪਰ ਜੇ ਰਾਜਸੀ ਆਗੂਆਂ ਨੂੰ ਸਟੇਜਾਂ ਤੋਂ ਦੂਰ ਰੱਖਿਆ ਜਾਵੇਗਾ ਤਾਂ ਕਿਸਾਨ ਆਗੂ ਖੁੱਲ੍ਹੇਆਮ ਇਸ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਨਗੇ। ਸੂਬਾ ਪ੍ਰਧਾਨ ਨੇ ਮੰਚ ਤੋਂ ਐਲਾਨ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਰਾਜਸੀ ਆਗੂ ਨੂੰ ਸੱਦਾ ਨਹੀਂ ਦਿੱਤਾ ਪਰ ਜੇ ਕੋਈ ਰਾਜਸੀ ਆਗੂ ਉਨ੍ਹਾਂ ਦੀ ਹਮਾਇਤ ਵਿੱਚ ਪੁੱਜਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਜੇ ਉਨ੍ਹਾਂ ਨੂੰ ਰਾਜਸੀ ਹਮਾਇਤ ਮਿਲਦੀ ਹੈ ਤਾਂ ਇਸ ਦਾ ਨੁਕਸਾਨ ਨਹੀਂ ਪਰ ਕਿਤੇ ਨਾ ਕਿਤੇ ਫਾਇਦਾ ਹੀ ਹੋ ਸਕਦਾ ਹੈ।