ਵਿਦੇਸ਼ੀ ਫ਼ੌਜਾਂ ਦੀ ਅਫ਼ਗਾਨਿਸਤਾਨ ’ਚੋਂ 31 ਤੱਕ ਵਾਪਸੀ ਹੋਵੇ: ਤਾਲਿਬਾਨ

ਵਿਦੇਸ਼ੀ ਫ਼ੌਜਾਂ ਦੀ ਅਫ਼ਗਾਨਿਸਤਾਨ ’ਚੋਂ 31 ਤੱਕ ਵਾਪਸੀ ਹੋਵੇ: ਤਾਲਿਬਾਨ
ਵਿਦੇਸ਼ੀ ਫ਼ੌਜਾਂ ਦੀ ਅਫ਼ਗਾਨਿਸਤਾਨ ’ਚੋਂ 31 ਤੱਕ ਵਾਪਸੀ ਹੋਵੇ: ਤਾਲਿਬਾਨ


ਕਾਬੁਲ, 23 ਅਗਸਤ

ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ‘ਚੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ 31 ਅਗਸਤ ਤੱਕ ਮੁਕੰਮਲ ਹੋ ਜਾਵੇ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ‘ਚ ਲੋਕਾਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾਵੇਗੀ। ਯੂਕੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ 31 ਅਗਸਤ ਦੀ ਮਿਆਦ ਨੂੰ ਵਧਾਉਣ ਲਈ ਦਬਾਅ ਪਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਤਾਲਿਬਾਨ ਦੇ ਤਰਜਮਾਨ ਮੁਹੰਮਦ ਸੁਹੇਲ ਸ਼ਾਹੀਨ ਨੇ ਬੀਬੀਸੀ ਨੂੰ ਇਹ ਜਾਣਕਾਰੀ ਦਿੱਤੀ। ਸ਼ਾਹੀਨ ਨੇ ਕਿਹਾ,”ਵਿਦੇਸ਼ੀ ਫ਼ੌਜਾਂ ਨੂੰ ਪਹਿਲਾਂ ਐਲਾਨੀ ਤਰੀਕ ‘ਤੇ ਆਪਣੇ ਵਤਨ ਪਰਤ ਜਾਣਾ ਚਾਹੀਦਾ ਹੈ। ਨਹੀਂ ਤਾਂ ਇਹ ਸਿੱਧੇ ਤੌਰ ‘ਤੇ ਉਲੰਘਣਾ ਹੋਵੇਗੀ।” ਤਰਜਮਾਨ ਨੇ ਕਿਹਾ ਕਿ ਫ਼ੌਜਾਂ ਦੀ ਅਗਵਾਈ ਕਰ ਰਹੇ ਮੁਲਕਾਂ ਨੂੰ ਇਹ ਫ਼ੈਸਲਾ ਮੰਨਣਾ ਪਵੇਗਾ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫ਼ੌਜਾਂ ਦੀ ਵਾਪਸੀ ਹੋਣ ਮਗਰੋਂ ਕੀ ਕੌਮਾਂਤਰੀ ਉਡਾਣਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਕਿਉਂਕਿ ਹਵਾਈ ਅੱਡੇ ‘ਤੇ ਅਮਰੀਕਾ ਸਮੇਤ ਨਾਟੋ ਮੁਲਕਾਂ ਦੀਆਂ ਫ਼ੌਜਾਂ ਡਟੀਆਂ ਹੋਈਆਂ ਹਨ। ਉਧਰ ਤਾਲਿਬਾਨ ਵਿਰੋਧੀ ਤਾਕਤਾਂ ਪੰਜਸ਼ੀਰ ਵੈਲੀ ‘ਚ ਇਕੱਠੀਆਂ ਹੋ ਗਈਆਂ ਹਨ। ਨੈਸ਼ਨਲ ਰਜ਼ਿਸਟੈਂਸ ਫਰੰਟ ਆਫ਼ ਅਫ਼ਗਾਨਿਸਤਾਨ ਦੇ ਅਲੀ ਨਜ਼ਾਰੀ ਨੇ ਕਿਹਾ ਕਿ ਹਜ਼ਾਰਾਂ ਲੜਾਕੇ ਅਹਿਮਦ ਮਸੂਦ ਦੀ ਅਗਵਾਈ ਹੇਠ ਇਕੱਠੇ ਹੋ ਗਏ ਹਨ। ਨਜ਼ਾਰੀ ਨੇ ਤਾਲਿਬਾਨ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਟਕਰਾਅ ਤੋਂ ਪਹਿਲਾਂ ਵਾਰਤਾ ਲਈ ਅੱਗੇ ਆਉਣ ਤਾਂ ਜੋ ਮੁਲਕ ‘ਚ ਅਮਨ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਮਸੂਦ ਦੀਆਂ ਫ਼ੌਜਾਂ ਟਾਕਰੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਦੇਸ਼ ‘ਚ ਕੇਂਦਰੀਕ੍ਰਿਤ ਸਿਆਸੀ ਪ੍ਰਣਾਲੀ ਹੈ ਜਿਸ ਨੂੰ ਖ਼ਤਮ ਕਰਨ ਦੀ ਲੋੜ ਹੈ। ਮੁਲਕ ‘ਚ ਵੱਖ ਵੱਖ ਕਬੀਲੇ ਹੋਣ ਕਰਕੇ ਸੱਤਾ ‘ਚ ਹਿੱਸੇਦਾਰੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਕ ਧੜਾ ਸਿਆਸਤ ‘ਚ ਆਪਣਾ ਦਾਬਾ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਇਸ ਨਾਲ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਹੋ ਜਾਣਗੇ। ਇਸ ਦੌਰਾਨ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਇਮਾਮਾਂ ਨੂੰ ਕਿਹਾ ਹੈ ਕਿ ਉਹ ਅਫ਼ਗਾਨ ਲੋਕਾਂ ਨੂੰ ਯਕੀਨ ਦਿਵਾਉਣ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਕੀਤੀ ਜਾਵੇਗੀ। ਉਨ੍ਹਾਂ ਅਮਰੀਕਾ ਵੱਲੋਂ ਤਾਲਿਬਾਨ ਬਾਰੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਬਾਰੇ ਵੀ ਲੋਕਾਂ ਨੂੰ ਸਮਝਾਉਣ ਲਈ ਕਿਹਾ। -ਏਪੀ/ਆਈਏਐਨਐਸ

ਅਫ਼ਗ਼ਾਨ ਸੰਕਟ: ਦੋਹਾ ਤੋਂ 146 ਵਿਅਕਤੀ ਵਤਨ ਪੁੱਜੇ

ਨਵੀਂ ਦਿੱਲੀ: ਜੰਗ ਦੇ ਝੰਬੇ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਨਿੱਤ ਵਿਗੜਦੇ ਹਾਲਾਤ ਦਰਮਿਆਨ ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ ਤੋਂ ਆਪਣੇ 146 ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ। ਨਾਟੋ ਅਤੇ ਅਮਰੀਕੀ ਜਹਾਜ਼ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਕੁਝ ਦਿਨ ਪਹਿਲਾਂ ਕਾਬੁਲ ਤੋਂ ਦੋਹਾ ਲਿਆਂਦਾ ਗਿਆ ਸੀ। ਦੋਹਾ ਰਸਤੇ ਵਤਨ ਪੁੱਜੇ ਭਾਰਤੀ ਨਾਗਰਿਕਾਂ ਦਾ ਇਹ ਦੂਜਾ ਜਥਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ 135 ਭਾਰਤੀਆਂ ਨੂੰ ਦੋਹਾ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਦੋਹਾ ਤੋਂ ਭਾਰਤ ਪੁੱਜੀ ਵਿਸਤਾਰਾ ਦੀ ਉਡਾਣ ਵਿੱਚ 104, ਕਤਰ ਏਅਰਵੇਜ਼ ਦੀ ਉਡਾਣ ਵਿਚ 30 ਜਦੋਂਕਿ ਇੰਡੀਗੋ ਦੀ ਉਡਾਣ ਵਿਚ 11 ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਇਕ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੇਸ਼ ਪਰਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵੱਖੋ ਵੱਖਰੀਆਂ ਉਡਾਣਾਂ ਰਾਹੀਂ 392 ਵਿਅਕਤੀਆਂ ਨੂੰ ਵਾਪਸ ਆਪਣੇ ਮੁਲਕ ਲਿਆਂਦਾ ਸੀ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਦੋ ਅਫ਼ਗ਼ਾਨ ਕਾਨੂੰਨਸਾਜ਼, ਉਨ੍ਹਾਂ ਦੇ ਪਰਿਵਾਰ, ਅਫ਼ਗਾਨ ਸਿੱਖ ਤੇ ਹਿੰਦੂ ਅਤੇ ਦੋ ਨੇਪਾਲੀ ਨਾਗਰਿਕ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋ ਦੋ ਉਡਾਣਾਂ ਕ੍ਰਮਵਾਰ ਦੋਹਾ ਤੇ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਨਜ਼ਦੀਕ ਹਵਾਈ ਸੈਨਾ ਦੇ ਹਿੰਡਨ ਏਅਰਬੇਸ ‘ਤੇ ਉਤਰੀ ਸੀ। -ਪੀਟੀਆਈ

ਕੇਂਦਰ ਨੇ 26 ਨੂੰ ਅਫ਼ਗਾਨਿਸਤਾਨ ਬਾਰੇ ਸਰਬ-ਪਾਰਟੀ ਮੀਟਿੰਗ ਸੱਦੀ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ 26 ਅਗਸਤ ਨੂੰ ਵੱਖ ਵੱਖ ਸਿਆਸੀ ਧਿਰਾਂ ਦੇ ਸੰਸਦੀ ਆਗੂਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਜਾਣਕਾਰੀ ਦੇਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਇਹ ਬੈਠਕ ਵੀਰਵਾਰ ਸਵੇਰੇ 11 ਵਜੇ ਸੰਸਦ ਭਵਨ ਅਨੈਕਸੀ ‘ਚ ਹੋਵੇਗੀ। ਜੋਸ਼ੀ ਨੇ ਟਵੀਟ ਕਰਕੇ ਕਿਹਾ,”ਸਿਆਸੀ ਪਾਰਟੀਆਂ ਦੇ ਸੰਸਦ ‘ਚ ਆਗੂਆਂ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ 26 ਅਗਸਤ ਨੂੰ ਸਵੇਰੇ 11 ਵਜੇ ਸੰਸਦ ਭਵਨ ਅਨੈਕਸੀ ਦੇ ਮੁੱਖ ਕਮੇਟੀ ਰੂਮ ‘ਚ ਜਾਣਕਾਰੀ ਦਿੱਤੀ ਜਾਵੇਗੀ। ਆਗੂਆਂ ਨੂੰ ਸੱਦੇ ਈ-ਮੇਲ ਰਾਹੀਂ ਭੇਜੇ ਜਾ ਰਹੇ ਹਨ। ਸਾਰੇ ਸਬੰਧਤ ਆਗੂਆਂ ਨੂੰ ਮੀਟਿੰਗ ‘ਚ ਹਾਜ਼ਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।” ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਮੀਟਿੰਗ ਿਵੱਚ ਹਿੱਸਾ ਲੈਣਗੇ। ਸ੍ਰੀ ਜੈਸ਼ੰਕਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਫ਼ਗਾਨਿਸਤਾਨ ਦੇ ਹਾਲਾਤ ਤੋਂ ਜਾਣੂ ਕਰਾਉਣ। ਜਾਣਕਾਰੀ ਮੁਤਾਬਕ ਬੈਠਕ ਦੌਰਾਨ ਸਰਕਾਰ ਦਾ ਸਾਰਾ ਧਿਆਨ ਅਫ਼ਗਾਨਿਸਤਾਨ ‘ਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਮਿਸ਼ਨ ਬਾਰੇ ਜਾਣਕਾਰੀ ਦੇਣ ‘ਤੇ ਕੇਂਦਰਿਤ ਰਹੇਗਾ ਅਤੇ ਉਥੋਂ ਦੇ ਹਾਲਾਤ ਦਾ ਮੁਲਾਂਕਣ ਵੀ ਕੀਤਾ ਜਾਵੇਗਾ। -ਪੀਟੀਆਈ

ਅਫ਼ਗਾਨਿਸਤਾਨ ਦੇ ਪੰਜਸ਼ੀਰ ਵਿੱਚ ਤਾਲਿਬਾਨ ਨਾਲ ਟਾਕਰੇ ਦੀ ਤਿਆਰੀ ਕਰਦੇ ਹੋਏ ਲੋਕ। ਫੋਟੋ: ਰਾਇਟਰਜ਼

ਕਾਬੁਲ ਹਵਾਈ ਅੱਡੇ ‘ਤੇ ਚੱਲੀ ਗੋਲੀ, ਅਫ਼ਗਾਨ ਫ਼ੌਜ ਦਾ ਇਕ ਜਵਾਨ ਹਲਾਕ

ਕਾਬੁਲ/ਵਾਸ਼ਿੰਗਟਨ: ਕਾਬੁਲ ਹਵਾਈ ਅੱਡੇ ‘ਤੇ ਅਣਪਛਾਤੇ ਬੰਦੂਕਧਾਰੀਆਂ, ਪੱਛਮੀ ਮੁਲਕਾਂ ਦੇ ਸੁਰੱਖਿਆ ਦਸਤਿਆਂ ਅਤੇ ਅਫ਼ਗ਼ਾਨ ਸਲਾਮਤੀ ਦਸਤਿਆਂ ਵਿਚਾਲੇ ਗੋਲੀਆਂ ਚੱਲਣ ਕਾਰਨ ਅਫ਼ਗਾਨ ਸੁਰੱਖਿਆ ਬਲਾਂ ਦਾ ਇਕ ਜਵਾਨ ਹਲਾਕ ਹੋ ਗਿਆ। ਜਰਮਨੀ ਦੀ ਹਥਿਆਰਬੰਦ ਫੌਜ ਨੇ ਇਕ ਟਵੀਟ ਵਿੱਚ ਦਾਅਵਾ ਕੀਤਾ ਕਿ ਹਵਾਈ ਅੱਡੇ ਦੇ ਉੱਤਰੀ ਗੇਟ ‘ਤੇ ਹੋਈ ਗੋਲੀਬਾਰੀ ਦੌਰਾਨ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਚੇਤੇ ਰਹੇ ਕਿ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਅੰਦਰ ਅਮਰੀਕਾ ਸਮੇਤ ਨਾਟੋ ਫੌਜਾਂ ਦਾ ਕਬਜ਼ਾ ਹੈ ਜਦੋਂਕਿ ਬਾਹਰਲੇ ਖੇਤਰ ਨੂੰ ਤਾਲਿਬਾਨੀ ਲੜਾਕਿਆਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਤਾਲਿਬਾਨ ਦੇ ਖ਼ੌਫ ਕਰਕੇ ਮੁਲਕ ਛੱਡਣ ਲਈ ਕਾਹਲੇ ਵੱਡੀ ਗਿਣਤੀ ਲੋਕ ਹਵਾਈ ਅੱਡੇ ਦੇ ਬਾਹਰ ਮੌਜੂਦ ਹਨ। ਤਾਲਿਬਾਨੀ ਲੜਾਕਿਆਂ ਵੱਲੋਂ ਅਕਸਰ ਬੇਕਾਬੂ ਹੋਏ ਹਜੂਮ ਨੂੰ ਕੰਟਰੋਲ ਕਰਨ ਲਈ ਕਦੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਹਵਾਈ ਫਾਇਰ ਵੀ ਕਰਨੇ ਪੈਂਦੇ ਹਨ। ਇਸ ਤੋਂ ਪਹਿਲਾਂ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਧੱਕਾਮੁੱਕੀ ਦੌਰਾਨ ਮਚੀ ਭਗਦੜ ਵਿੱਚ ਕਈ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਸੀਐਨਐਨ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਹਵਾਈ ਅੱਡੇ ਦੇ ਬਾਹਰ ਤਾਇਨਾਤ ਸਨਾਈਪਰ ਨੇ ਹਵਾਈ ਅੱਡੇ ਦੇ ਅੰਦਰ ਮੌਜੂਦ ਅਫ਼ਗਾਨ ਗਾਰਡਾਂ ‘ਤੇ ਗੋਲੀ ਚਲਾਈ, ਜਿਸ ਦਾ ਉਨ੍ਹਾਂ ਮੋੜਵਾਂ ਜਵਾਬ ਦਿੱਤਾ, ਪਰ ਅਮਰੀਕੀ ਬਲਾਂ ਨੇ ਅਫ਼ਗਾਨ ਗਾਰਡਾਂ ‘ਤੇ ਗੋਲੀ ਚਲਾਈ। ਹਵਾਈ ਅੱਡੇ ‘ਤੇ ਮੌਜੂਦ ਨਾਟੋ ਦੇ ਦੋ ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਅਤੇ ਹਵਾਈ ਅੱਡੇ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ। ਉਧਰ ਇਤਾਲਵੀ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਹਵਾਈ ਅੱਡੇ ‘ਤੇ ਗੋਲੀਆਂ ਕਾਰਨ ਜ਼ਖ਼ਮੀ ਹੋਏ ਛੇ ਵਿਅਕਤੀਆਂ ਦਾ ਉਨ੍ਹਾਂ ਹਸਪਤਾਲ ‘ਚ ਇਲਾਜ ਕੀਤਾ ਹੈ। -ਏਪੀSource link