ਸਿੱਧੂ ਧੜੇ ਵੱਲੋਂ ਕੈਪਟਨ ਖ਼ਿਲਾਫ਼ ਬਗ਼ਾਵਤ ਦਾ ਬਿਗਲ


ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਗਸਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਖੇਮੇ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ, ਜਿਸ ਨਾਲ ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਕਾਂਗਰਸ ‘ਚ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦਾ ਸਿਆਸੀ ਰੰਗ ਅੱਜ ਉਦੋਂ ਸਾਹਮਣੇ ਆ ਗਿਆ ਜਦੋਂ ਕਰੀਬ ਦੋ ਦਰਜਨ ਕਾਂਗਰਸੀ ਵਿਧਾਇਕਾਂ ਅਤੇ ਚਾਰ ਕੈਬਨਿਟ ਵਜ਼ੀਰਾਂ ਨੇ ਅੱਜ ਖੁੱਲ੍ਹੇ ਤੌਰ ‘ਤੇ ਆਖ ਦਿੱਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ‘ਤੇ ਭਰੋਸਾ ਨਹੀਂ। ਅਸਿੱਧੇ ਤੌਰ ‘ਤੇ ਮੁੱਖ ਮੰਤਰੀ ਨੂੰ ਬਦਲਣ ਦਾ ਝੰਡਾ ਚੁੱਕਿਆ ਗਿਆ ਹੈ।

ਨਜ਼ਰ ਮਾਰੀਏ ਤਾਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸਤੰਬਰ ‘ਚ ਤੈਅ ਹੈ ਅਤੇ ਹੁਣ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਆਉਂਦੇ ਦਿਨੀਂ ਚੰਡੀਗੜ੍ਹ ਆਉਣਾ ਹੈ। ਠੀਕ ਇਸ ਤੋਂ ਪਹਿਲਾਂ ਸਿੱਧੂ ਖੇਮੇ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚੁਣੌਤੀ ਦੇਣ ਲਈ ਖੁੱਲ੍ਹਾ ਪੈਂਤੜਾ ਲੈ ਲਿਆ ਹੈ, ਜਿਸ ਮੁੱਖ ਮੰਤਰੀ ਅਮਰਿੰਦਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਇੱਥੇ ਰਿਹਾਇਸ਼ ‘ਤੇ ਕਰੀਬ ਦੋ ਦਰਜਨ ਕਾਂਗਰਸੀ ਵਿਧਾਇਕ ਤੇ ਚਾਰ ਵਜ਼ੀਰਾਂ ਤੋਂ ਇਲਾਵਾ ਅੱਧੀ ਦਰਜਨ ਸਾਬਕਾ ਵਿਧਾਇਕਾਂ ਨੇ ਮੀਟਿੰਗ ਕੀਤੀ ਜਿਸ ‘ਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਸ਼ਾਮਲ ਹੋਏ। ਕੈਬਨਿਟ ਵਜ਼ੀਰਾਂ ਨੇ ਮੀਟਿੰਗ ਮਗਰੋਂ ਕਿਹਾ, ‘ਬੇਸ਼ੱਕ ਮੁੱਖ ਮੰਤਰੀ ਨੂੰ ਤਬਦੀਲ ਕਰਨਾ ਕਾਂਗਰਸ ਹਾਈਕਮਾਨ ਦਾ ਅਧਿਕਾਰ ਖੇਤਰ ਹੈ ਪਰ ਸਾਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ‘ਚ ਭਰੋਸਾ ਨਹੀਂ ਰਿਹਾ।’ ਇਸ ਮੀਟਿੰਗ ‘ਚ ਨਵਜੋਤ ਸਿੱਧੂ ਮੌਜੂਦ ਨਹੀਂ ਸਨ। ਵਜ਼ੀਰ ਚਰਨਜੀਤ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਦੇ ਕਈ ਅਹਿਮ ਮਸਲੇ, ਖ਼ਾਸ ਕਰਕੇ ਬਰਗਾੜੀ, ਨਸ਼ਿਆਂ, ਬਿਜਲੀ ਸਮਝੌਤੇ, ਮਾਫ਼ੀਏ ਅਤੇ ਦਲਿਤਾਂ ਦੇ ਮਸਲੇ, ਹੱਲ ਨਹੀਂ ਕਰ ਸਕੇ, ਜਿਸ ਕਰਕੇ ਉਨ੍ਹਾਂ ‘ਤੇ ਕੋਈ ਭਰੋਸਾ ਨਹੀਂ ਰਿਹਾ ਹੈ। ਉਨ੍ਹਾਂ ਨੇ ਹਾਈਕਮਾਨ ਤੋਂ ਸਮਾਂ ਮੰਗਿਆ ਹੈ ਅਤੇ ਪੰਜ ਮੈਂਬਰੀ ਵਫ਼ਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਜਾਵੇਗਾ। ਵਫ਼ਦ ‘ਚ ਉਕਤ ਚਾਰੋਂ ਵਜ਼ੀਰਾਂ ਤੋਂ ਇਲਾਵਾ ਪਰਗਟ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਵਜ਼ੀਰਾਂ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ ਅਤੇ ਉਨ੍ਹਾਂ ਨੂੰ ਅਹੁਦਾ ਚਲੇ ਜਾਣ ਦਾ ਡਰ ਹੈ। ਰੰਧਾਵਾ ਨੇ ਕਿਹਾ ਕਿ ਵਜ਼ੀਰਾਂ ਦੇ ਸੁਆਲਾਂ ਤੋਂ ਡਰਦਿਆਂ ਹੀ ਮੁੱਖ ਮੰਤਰੀ ਕੈਬਨਿਟ ਮੀਟਿੰਗਾਂ ਵਰਚੁਅਲ ਕਰਦੇ ਹਨ। ਸੂਤਰਾਂ ਮੁਤਾਬਕ ਅੱਜ ਸਿੱਧੂ ਖੇਮੇ ਵੱਲੋਂ ਮੁੱਖ ਮੰਤਰੀ ਨੂੰ ਤਬਦੀਲ ਕਰਨ ਲਈ ਮਤਾ ਪਾਸ ਕਰਨ ਦੀ ਵੀ ਯੋਜਨਾ ਸੀ, ਜਿਸ ਨੂੰ ਮਗਰੋਂ ਰੱਦ ਕਰ ਦਿੱਤਾ ਗਿਆ। ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੇ ਤੌਰ ‘ਤੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲ ਕੇ ਖੇਡ ਰਹੇ ਹਨ। ਮੁੱਖ ਮੰਤਰੀ ਸਾਢੇ ਚਾਰ ਸਾਲ ਘਰੋਂ ਨਹੀਂ ਨਿਕਲੇ ਅਤੇ ਕਾਂਗਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਕਾਂਗਰਸ ਲਈ ਔਖੀ ਘੜੀ ਹਨ, ਜਿਸ ‘ਚੋਂ ਪਾਰਟੀ ਨੂੰ ਪਾਰ ਲਾਉਣ ਲਈ ਉਹ ਤੁਰੇ ਹਨ। ਹੁਣ ਜੋ ਬਗ਼ਾਵਤ ਉੱਠੀ ਹੈ, ਉਸ ‘ਚ ਮੁੱਖ ਮੰਤਰੀ ਨੂੰ ਬਦਲਣ ਦੀ ਅਸਿੱਧੀ ਮੰਗ ਕੀਤੀ ਗਈ ਹੈ। ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਅੰਦਰੂਨੀ ਕਲੇਸ਼ ਕਰਕੇ ਕਾਫ਼ੀ ਸਿਆਸੀ ਸੱਟ ਵੀ ਵੱਜ ਰਹੀ ਹੈ। ਹਾਈਕਮਾਨ ਨਵੇਂ ਸਿਰਿਓਂ ਵਿਧਾਇਕਾਂ ਦਾ ਵਜ਼ਨ ਤੋਲ ਕੇ ਅਗਲਾ ਕਦਮ ਪੁੱਟੇਗੀ। ਹਾਲਾਂਕਿ ਬਾਗ਼ੀ ਵਜ਼ੀਰ ਆਖਦੇ ਹਨ ਕਿ ਮੁੱਦਿਆਂ ਦੇ ਹੱਲ ਤੋਂ ਘੱਟ ਹੁਣ ਪਿੱਛੇ ਨਹੀਂ ਮੁੜਨਾ। ਵਿਧਾਇਕ ਪਰਗਟ ਸਿੰਘ ਨੇ ਵੀ ਆਖਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਵਿਧਾਇਕ ਸੰਤੁਸ਼ਟ ਨਹੀਂ ਹਨ।

ਕਈ ਦਿਨ ਸੁਲਗਦੀ ਰਹੀ ਬਗ਼ਾਵਤ

ਖੁੱਲ੍ਹੀ ਬਗ਼ਾਵਤ ਦਾ ਮੁੱਢ ਮੁੱਖ ਮੰਤਰੀ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨੇੜਲੇ ਦੋ ਚੇਅਰਮੈਨ ਬਦਲ ਦੇ ਪ੍ਰਤਾਪ ਸਿੰਘ ਬਾਜਵਾ ਦੇ ਨੇੜਲਿਆਂ ਨੂੰ ਲਾਉਣ ਤੋਂ ਬੱਝਾ ਹੈ। ਸਿੱਧੂ ਖੇਮੇ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਫੰਡ ਲੈਣ ‘ਚ ਪ੍ਰੇਸ਼ਾਨੀ ਆ ਰਹੀ ਸੀ। ਵਜ਼ੀਰਾਂ ਤੇ ਵਿਧਾਇਕਾਂ ਵੱਲੋਂ ਤਾਇਨਾਤ ਕਰਾਏ ਪੁਲੀਸ ਅਧਿਕਾਰੀਆਂ ਦੀ ਬਦਲੀ ਵੀ ਇਸ ਵਿੱਚ ਸ਼ਾਮਲ ਹੈ। ਉੱਪਰੋਂ ਵਜ਼ਾਰਤ ‘ਚ ਫੇਰਬਦਲ ਦੀ ਤਲਵਾਰ ਵੀ ਲਟਕਣ ਲੱਗੀ ਸੀ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੀ ਸੁਰ ਵੀ ਪੂਰੀ ਤਰ੍ਹਾਂ ਅਮਰਿੰਦਰ ਨਾਲ ਮਿਲ ਨਹੀਂ ਰਹੀ ਸੀ।

ਛੇ ਵਿਧਾਇਕਾਂ ਨੇ ਮੋੜਾ ਕੱਟਿਆ

ਚੰਡੀਗੜ੍ਹ (ਟਨਸ): ਅੱਜ ਦੇਰ ਸ਼ਾਮ ਛੇ ਵਿਧਾਇਕਾਂ ਅਤੇ ਇੱਕ ਸਾਬਕਾ ਵਿਧਾਇਕ ਨੇ ਸਿੱਧੂ ਖੇਮੇ ਵੱਲੋਂ ਮੁੱਖ ਮੰਤਰੀ ਨੂੰ ਹਟਾਏ ਜਾਣ ਦੀ ਮੁਹਿੰਮ ‘ਚੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਪਹਿਲਾਂ ਇਹ ਵਿਧਾਇਕ ਸਿੱਧੂ ਖੇਮੇ ਦੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿਚ ਸ਼ਾਮਲ ਸਨ। ਹੁਣ ਇਨ੍ਹਾਂ ਨੇ ਮੋੜਾ ਕੱਟ ਲਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਵਿਧਾਇਕ ਰਾਜਾ ਵੜਿੰਗ, ਦਲਵੀਰ ਸਿੰਘ ਗੋਲਡੀ, ਕੁਲਦੀਪ ਵੈਦ, ਅੰਗਦ ਸਿੰਘ, ਸੰਤੋਖ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਹੈ ਕਿ ਉਹ ਅਜਿਹੀ ਕਿਸੇ ਵੀ ਮੁਹਿੰਮ ਦਾ ਹਿੱਸਾ ਨਹੀਂ ਹਨ।

ਸਿੱਧੂ ਵੱਲੋਂ ਵੱਖਰੀ ਮੀਟਿੰਗ

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਦੁਪਹਿਰ ਬਾਅਦ ਕਾਂਗਰਸ ਭਵਨ ‘ਚ ਆਪਣੇ ਧੜੇ ਦੇ ਵਜ਼ੀਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਨਵੀਂ ਪਹਿਲਕਦਮੀ ਨੂੰ ਲੈ ਕੇ ਵਿਉਂਤਬੰਦੀ ਸਾਂਝੀ ਕੀਤੀ ਗਈ। ਸਿੱਧੂ ਨੇ ਮੀਟਿੰਗ ਮਗਰੋਂ ਟਵੀਟ ਕੀਤਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਮੀਟਿੰਗ ਲਈ ਫ਼ੋਨ ਆਇਆ ਸੀ ਜਿਸ ਮਗਰੋਂ ਉਹ ਬਾਜਵਾ ਅਤੇ ਕਾਂਗਰਸੀ ਆਗੂਆਂ ਨੂੰ ਮਿਲੇ ਹਨ। ਕਾਂਗਰਸ ਹਾਈਕਮਾਨ ਸਾਰੇ ਮਾਮਲੇ ਨੂੰ ਦੇਖੇਗੀ।



Source link