ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ: ਮੁੱਖ ਸਕੱਤਰ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 27 ਅਗਸਤ

ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਕਿਹਾ ਕਿ ਅੱਜ ਦੇ ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਵਧੇਰੇ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨਾਂ ਨੂੰ ਹੋਰ ਸਮਰੱਥ ਬਣਾਉਣ ਲਈ ਵਚਨਬੱਧ ਹੈ। ਉਹ ਪੰਜਾਬ ਸਰਕਾਰ, ਯੂਨੀਸੈਫ ਅਤੇ ਯੁਵਾ (ਜਨਰੇਸ਼ਨ ਅਨਲਿਮਟਿਡ ਇੰਡੀਆ) ਦੀ ਸਾਂਝੀ ਪਹਿਲਕਦਮੀ ‘ਪੰਜਾਬ ਦਾ ਮਾਣ’ ਪੋ੍ਗਰਾਮ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਰਵਾਏ ਗਏ ਵਰਚੂਅਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਿਛਲੇ ਸਾਲ ਅਗਸਤ ਮਹੀਨੇ ਵਿੱਚ ‘ਪੰਜਾਬ ਦਾ ਮਾਣ’ ਪੋ੍ਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਰਾਜ ਦੇ ਨੌਜਵਾਨਾਂ ਨੂੰ ਨਾਗਰਿਕ ਕਾਰਜਾਂ, ਕਰੀਅਰ ਸੇਧ, ਹੁਨਰ, ਰੋਜ਼ਗਾਰ ਅਤੇ ਉੱਦਮੀ ਸਹਾਇਤਾ ਦੇ ਮੌਕਿਆਂ ਨਾਲ ਜੋੜਨਾ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਹੁਣ ਤੱਕ ਰਾਜ ਦੇ 70,000 ਤੋਂ ਵੱਧ ਨੌਜਵਾਨ ਜੁੜ ਚੁੱਕੇ ਹਨ। ਇਸ ਆਨਲਾਈਨ ਸਮਾਗਮ ਦੌਰਾਨ ‘ਪੰਜਾਬ ਦਾ ਮਾਣ’ ਪ੍ਰੋਗਰਾਮ ਤਹਿਤ ਨਾਗਰਿਕ ਕਾਰਜਾਂ ਵਿੱਚ ਬਿਹਤਰੀਨ ਸਰਗਰਮਨ ਭੂਮਿਕਾ ਨਿਭਾਉਣ ਵਾਲੇ 27 ਨੌਜਵਾਨਾਂ ਦਾ ਸਨਮਾਨ ਕੀਤਾ ਗਿਆ।

ਪਿਛਲੇ ਸਾਲ ਰਾਜ ਸਰਕਾਰ, ਯੂਨੀਸੈਫ ਅਤੇ ਯੁਵਾ ਵੱਲੋਂ ‘ਪੰਜਾਬ ਦਾ ਮਾਣ’ ਰਿਪੋਰਟ ਵੀ ਜਾਰੀ ਕੀਤੀ ਗਈ ਸੀ, ਜਿਸ ਨੇ 28,000 ਤੋਂ ਵੱਧ ਨੌਜਵਾਨਾਂ ਦੀ ਸਿੱਖਣ, ਹੁਨਰ ਅਤੇ ਰੋਜ਼ਗਾਰ ਤੱਕ ਪਹੁੰਚ ਦਾ ਮੁਲਾਂਕਣ ਕਰਨ ਲਈ ਯੂ-ਰਿਪੋਰਟ ਪੋਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਇਕੱਠਾ ਕੀਤਾ ਸੀ। ਯੂਨੀਸੈਫ ਦੇ ਨੌਜਵਾਨਾਂ ਅਤੇ ਨਵੀਨਤਾ ਬਾਰੇ ਵਿਸ਼ੇਸ਼ ਨੁਮਾਇੰਦੇ ਅਤੇ ਪੰਜਾਬ ਰਾਜ ਸਲਾਹਕਾਰ ਪਰਿਸ਼ਦ ਦੇ ਮੈਂਬਰ ਰਵੀ ਵੈਂਕਟੇਸਨ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਆਏ ਤਾਂ ਸਾਨੂੰ ਪਤਾ ਸੀ ਕਿ ਇੱਥੋਂ ਦੇ ਨੌਜਵਾਨਾਂ ਦੇ ਬਹੁਤ ਵੱਡੇ ਸੁਪਨੇ ਅਤੇ ਇੱਛਾਵਾਂ ਹਨ ਪਰ ਸਾਨੂੰ ਉਮੀਦ ਨਹੀਂ ਸੀ ਕਿ 70,000 ਤੋਂ ਜ਼ਿਆਦਾ ਨੌਜਵਾਨ ਅਜਿਹੀ ਊਰਜਾ ਨਾਲ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।

ਇਸ ਆਨਲਾਈਨ ਸਮਾਗਮ ਵਿੱਚ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਡੀਪੀਐੱਸ ਖਰਬੰਦਾ ਅਤੇ ਸੀਓਓ ਯੁਵਾ ਸ੍ਰੀ ਅਭਿਸ਼ੇਕ ਗੁਪਤਾ ਅਤੇ ਸੂਬਾਈ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।Source link