ਛੱਤੀਸਗੜ੍ਹ ਦੇ ਮੁੱਖ ਮੰਤਰੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਛੱਤੀਸਗੜ੍ਹ ਦੇ ਮੁੱਖ ਮੰਤਰੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ


ਨਵੀਂ ਦਿੱਲੀ, 27 ਅਗਸਤ

ਕਾਂਗਰਸ ਦੀ ਛੱਤੀਸਗੜ੍ਹ ਇਕਾਈ ਵਿੱਚ ਖਿੱਚੋਤਾਣ ਤੇ ਰਾਜ ਵਿੱਚ ਸੱਤਾ ਬਦਲਣ ਦੀ ਚਰਚਾ ਦੇ ਮੱਦੇਨਜ਼ਰ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸ੍ਰੀ ਬਘੇਲ ਨੇ ਦੱਸਿਆ ਕਿ ਉਨ੍ਹਾਂ ਨੇ ਰਾਹੁਲ ਨੂੰ ਹਰ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਉਹ ਅਗਲੇ ਹਫ਼ਤੇ ਛੱਤੀਸਗੜ੍ਹ ਆਉਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਛੱਤੀਸਗੜ੍ਹ ਸੂਬਾਈ ਕਾਂਗਰਸ ਵਿੱਚ ਉੱਠੀਆਂ ਬਾਗੀ ਸੁਰਾਂ ਨੂੰ ਲੈ ਕੇ ਚਰਚਾ ਹੋਈ। ਇੱਕ ਹਫ਼ਤੇ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ ਰਾਹੁਲ ਗਾਂਧੀ ਨਾਲ ਇਹ ਦੂਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਘੇਲ ਰਾਹੁਲ ਗਾਂਧੀ ਨਾਲ ਮਿਲ ਚੁੱਕੇ ਹਨ। ਰਾਹੁਲ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐੱਸ ਸਿੰਘ ਦਿਓ ਨਾਲ ਵੀ ਮੰਗਲਵਾਰ ਨੂੰ ਵੱਖਰੀ ਮੀਟਿੰਗ ਕਰ ਚੁੱਕੇ ਹਨ। ਦੋਵੇਂ ਆਗੂ ਬਘੇਲ ਤੇ ਦਿਓ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਵੀ ਬੁੱਧਵਾਰ ਨੂੰ ਮੀਟਿੰਗ ਕਰ ਚੁੱਕੇ ਹਨ। ਮੁੱਖ ਮੰਤਰੀ ਬਘੇਲ ਅਤੇ ਸਿਹਤ ਮੰਤਰੀ ਟੀਐੱਸ ਸਿੰਘ ਦੇਵ ਵਿੱਚ ਕਾਫ਼ੀ ਦੇਰ ਤੋਂ ਖਿੱਚੋਤਾਣ ਚੱਲ ਰਹੀ ਹੈ। ਛੱਤੀਸਗੜ੍ਹ ਵਿੱਚ 2018 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਬਘੇਲ ਅਤੇ ਸਿਹਤ ਮੰਤਰੀ ਦਿਓ ਵਿੱਚ ਤਕਰਾਰ ਚੱਲਿਆ ਆ ਰਿਹਾ ਹੈ। ਸੂਬੇ ਦੇ ਮੰਤਰੀ ਅਤੇ ਵਿਧਾਇਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਪੀਐੱਲ ਪੂਨੀਆ ਨੂੰ ਵੀ ਮਿਲ ਚੁੱਕੇ ਹਨ। -ਪੀਟੀਆਈ



Source link