ਵਿੱਕੀ ਬਟਾਲਾ
ਰੋਮ, 28 ਅਗਸਤ
ਭਾਰਤੀ ਬੱਚੀ ਨੂੰ ਗੋਦ ਲੈਣ ਵਾਲੇ ਇਟਲੀ ਦੇ ਫਿਰੈਂਸੇ ਇਲਾਕੇ ਦੇ ਐਂਸੋ ਗਾਲੀ ਦੀ ਕਰੋਨਾ ਨਾਲ ਮੌਤ ਹੋ ਗਈ। ਐਂਸੋ ਗਾਲੀ ਤੇ ਉਸ ਦੀ ਪਤਨੀ ਸਿਮੋਨੇਤਾ ਫਿਲੀਪੀ ਨੂੰ ਦੋ ਸਾਲ ਦੀ ਬੱਚੀ ਨੂੰ ਭਾਰਤ ਤੋਂ ਇਟਲੀ ਲਿਆਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ ਸੀ। ਇਸ ਇਤਾਲਵੀ ਜੋੜੇ ਦੇ ਕੋਈ ਔਲਾਦ ਨਹੀਂ ਸੀ। ਇਹ ਜੋੜਾ ਬੱਚੀ ਲੈਣ ਲਈ ਅਪਰੈਲ ਵਿੱਚ ਭਾਰਤ ਆਇਆ ਸੀ। ਦਿੱਲੀ ਆਉਂਦਿਆਂ ਹੀ ਸਿਮੋਨੇਤਾ ਫਿਲੀਪੀ ਨੂੰ ਕਰੋਨਾ ਹੋ ਗਿਆ। ਉਧਰ, ਦੇਸ਼ ਵਿੱਚ ਤਾਲਾਬੰਦੀ ਲੱਗਣ ਕਾਰਨ ਹਵਾਈ ਉਡਾਣਾਂ ਬੰਦ ਹੋ ਗਈਆਂ। ਕਰੋਨਾ ਕਾਰਨ ਫਿਲੀਪੀ ਦੀ ਸਿਹਤ ਵਿਗੜ ਰਹੀ ਸੀ ਅਤੇ ਐਂਸੋ ਉਸ ਦਾ ਇਲਾਜ ਇਟਲੀ ਵਿੱਚ ਕਰਵਾਉਣਾ ਚਾਹੁੰਦੀ ਸੀ। ਐਂਸੋ ਮਈ ਵਿੱਚ ਆਪਣੀ ਪਤਨੀ ਨੂੰ ਵਿਸ਼ੇਸ਼ ਉਡਾਣ ਰਾਹੀਂ ਇਟਲੀ ਲੈ ਆਇਆ। ਇੱਥੇ ਆ ਕੇ ਐਂਸੋ ਗਾਲੀ ਨੂੰ ਵੀ ਕਰੋਨਾ ਹੋ ਗਿਆ। ਕਾਫ਼ੀ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਮਾਤਮ ਭਰਿਆ ਮਾਹੌਲ ਹੈ।