ਮਹਾਰਾਸ਼ਟਰ ਸਰਕਾਰ ਕਿਸੇ ਵੀ ਤਿਉਹਾਰ ਖ਼ਿਲਾਫ਼ ਨਹੀਂ: ਠਾਕਰੇ

ਮਹਾਰਾਸ਼ਟਰ ਸਰਕਾਰ ਕਿਸੇ ਵੀ ਤਿਉਹਾਰ ਖ਼ਿਲਾਫ਼ ਨਹੀਂ: ਠਾਕਰੇ
ਮਹਾਰਾਸ਼ਟਰ ਸਰਕਾਰ ਕਿਸੇ ਵੀ ਤਿਉਹਾਰ ਖ਼ਿਲਾਫ਼ ਨਹੀਂ: ਠਾਕਰੇ


ਮੁੰਬਈ, 31 ਅਗਸਤ

ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਕਰਕੇ ਦਰਪੇਸ਼ ਖ਼ਤਰਿਆਂ ਦਰਮਿਆਨ ਜਨਮ ਅਸ਼ਟਮੀ ਮੌਕੇ ਮਹਾਰਾਸ਼ਟਰ ਵਿੱਚ ਦਹੀਂ ਹਾਂਡੀ ਸਮਾਗਮਾਂ ‘ਤੇ ਪਾਬੰਦੀ ਲਾੲੇ ਜਾਣ ਕਰਕੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਨਿਸ਼ਾਨੇ ‘ਤੇ ਆਏ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸੂਬੇ ਵਿੱਚ ‘ਆਸ਼ੀਰਵਾਦ’ ਰੈਲੀਆਂ ਵਿਉਂਤ ਕੇ ‘ਲੋਕਾਂ ਦੀ ਜਾਨ ਨੂੰ ਜੋਖ਼ਮ ਵਿੱਚ ਪਾਇਆ’ ਜਾ ਰਿਹੈ। ਠਾਕਰੇ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਿਉਹਾਰ ਦੇ ਖ਼ਿਲਾਫ਼ ਨਹੀਂ, ਬਲਕਿ ਕੋਵਿਡ-19 ਖ਼ਿਲਾਫ਼ ਲੜਾਈ ਲੜ ਰਹੀ ਹੈ। ਇਸ ਦੌਰਾਨ ਕੇਂਦਰੀ ਮੁੰਬਈ ਦੇ ਵਰਲੀ ਇਲਾਕੇ ਵਿੱਚ ਅੱਜ ਦਹੀਂ ਹਾਂਡੀ ਪ੍ਰੋਗਰਾਮ ਕਰਵਾਉਣ ਲਈ ਮਨਸੇ ਦੇ ਚਾਰ ਕਾਰਕੁਨਾਂ ਤੇ ਅੱਠ ਹੋਰਨਾਂ ਖ਼ਿਲਾਫ਼ ਕੋਵਿਡ-19 ਨੇਮਾਂ ਦੀ ਉਲੰਘਣਾ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ।

ਠਾਣੇ ਵਿੱਚ ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਇਕ ਵੱਲੋਂ ਸਥਾਪਤ ਕੀਤੇ ਆਕਸੀਜਨ ਪਲਾਂਟ ਦੇ ਵਰਚੁਅਲ ਉਦਘਾਟਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ‘ਜੇਕਰ ਅਜਿਹੀਆਂ (ਆਸ਼ੀਰਵਾਦ) ਰੈਲੀਆਂ ਕਰਕੇ ਕੁਝ ਲੋਕਾਂ ਦੀ ਜਾਨ ਜਾਂਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।’ ਭਾਜਪਾ ਦੇ ਕੇਂਦਰ ਸਰਕਾਰ ਵਿੱਚ ਨਵਨਿਯੁਕਤ ਮੰਤਰੀ (ਨਰਾਇਣ ਰਾਣੇ) ਨੇ ਹਾਲ ਹੀ ਵਿੱਚ ਲੋਕਾਂ ਦੇ ਆਸ਼ੀਰਵਾਦ ਲਈ ‘ਜਨ ਆਸ਼ੀਰਵਾਦ’ ਰੈਲੀਆਂ ਵਿਉਂਤੀਆਂ ਸਨ। ਮਨਸੇ ਵੱਲੋਂ ਪਾਬੰਦੀਆਂ ਦੇ ਬਾਵਜੂਦ ਅੱਜ ਮੁੰਬਈ ਤੇ ਠਾਣੇ ਵਿੱਚ ਦਹੀਂ ਹਾਂਡੀ ਦੇ ਪ੍ਰੋਗਰਾਮ ਵਿਉਂਤੇ ਜਾਣ ਦੇ ਸੰਦਰਭ ਵਿੱਚ ਬੋਲਦਿਆਂ ਠਾਕਰੇ ਨੇ ਕਿਹਾ ਕਿ ਸੂਬੇ ਦੀ ਮਹਾ ਵਿਕਾਸ ਅਗਾੜੀ ਸਰਕਾਰ ਕਿਸੇ ਵੀ ਤਿਉਹਾਰ ਦੇ ਖ਼ਿਲਾਫ਼ ਨਹੀਂ ਹੈ, ਪਰ ਸਿਰਫ਼ ਕਰੋਨਾਵਾਇਰਸ ਖ਼ਿਲਾਫ਼ ਲੜ ਰਹੀ ਹੈ। ਠਾਕਰੇ ਨੇ ਕਿਹਾ ਕਿ ਦਹੀਂ ਹਾਂਡੀ ਸਮਾਗਮਾਂ ‘ਤੇ ਲੱਗੀ ਪਾਬੰਦੀ ਕਰਕੇ ਉਨ੍ਹਾਂ ਨੂੰ ਵੀ ਜੋਸ਼ ਦੀ ਘਾਟ ਰੜਕ ਰਹੀ ਹੈ। -ਪੀਟੀਆਈ

ਕੋਵਿਡ ਹਾਲਾਤ ਨੂੰ ਵਰਤ ਰਹੀਆਂ ਨੇ ਸਰਕਾਰ ‘ਚ ਭਾਈਵਾਲ ਪਾਰਟੀਆਂ: ਰਾਜ ਠਾਕਰੇ

ਮੁੰਬਈ: ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ‘ਤੇ ਸਿੱਧੇ ਹਮਲੇ ਕਰਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਕਿਹਾ ਕਿ ਸਰਕਾਰ ਵਿੱਚ ਭਾਈਵਾਲ ਪਾਰਟੀਆਂ ਆਪਣੇ ਲਾਹੇ ਲਈ ਕੋਵਿਡ-19 ਹਾਲਾਤ ਨੂੰ ਵਰਤ ਰਹੀਆਂ ਹਨ। ਰਾਜ ਠਾਕਰੇ ਨੇ ਕਿਹਾ ਕਿ ਸੂਬਾ ਸਰਕਾਰ ਇਹ ਵਿਚਾਰ ਦੇ ਰਹੀ ਹੈ ਕਿ ‘ਸਾਰਿਆਂ ਨੂੰ ਚੰਗੀ ਤਾਲਾਬੰਦੀ ਪਸੰਦ ਹੈ।” ‘ਮਨਸੇ’ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇ ਮੰਤਰੀ ‘ਜਨ ਆਸ਼ੀਰਵਾਦ’ ਯਾਤਰਾਵਾਂ ਕੱਢ ਰਹੇ ਹਨ ਜਦੋਂਕਿ ਸੈਨਾ ਵਿਧਾਇਕ ਦਾ ਪੁੱਤ ਰਤਨਾਗਿਰੀ ਦੇ ਮੰਦਿਰ ਵਿੱਚ ਪੂਜਾ ਕਰ ਸਕਦਾ ਹੈ, ਪਰ ਆਮ ਲੋਕਾਂ ਨੂੰ ਦਹੀਂ ਹਾਂਡੀ ਸਮਾਗਮਾਂ ਤੋਂ ਰੋਕਿਆ ਜਾ ਰਿਹਾ ਹੈ। ਰਾਜ ਠਾਕਰੇ ਨੇ ਕਿਹਾ ਕਿ ਲੋਕਾਂ ਨੂੰ ਤਿਉਹਾਰ ਮਨਾਉਣ ਦਾ ਪੂਰਾ ਹੱਕ ਹੈ। -ਪੀਟੀਆਈSource link