ਤਾਲਿਬਾਨ ਨਵੀਂ ਸਰਕਾਰ ਦੇ ਗਠਨ ਲਈ ਤਿਆਰ


ਕਾਬੁਲ/ਨਵੀਂ ਦਿੱਲੀ, 1 ਸਤੰਬਰ

ਮੁੱਖ ਅੰਸ਼

  • ਦੋਹਾ ‘ਚ ਤਾਲਿਬਾਨ ਦਾ ਆਗੂ ਵੱਖ-ਵੱਖ ਮੁਲਕਾਂ ਨਾਲ ਕਰ ਰਿਹੈ ਰਾਬਤਾ
  • ਅਫ਼ਗਾਨਿਸਤਾਨ ਛੱਡਣ ਲਈ ਕਾਹਲੇ ਹਜ਼ਾਰਾਂ ਲੋਕ ਇਰਾਨ ਤੇ ਪਾਕਿਸਤਾਨ ਦੀ ਸਰਹੱਦ ‘ਤੇ ਇਕੱਠੇ ਹੋਏ

ਤਾਲਿਬਾਨ ਦੇ ਆਗੂਆਂ ਨੇ ਅੱਜ ਕਿਹਾ ਕਿ ਸਰਕਾਰ ਦੇ ਗਠਨ ਬਾਰੇ ਗੱਲਬਾਤ ਪੂਰੀ ਹੋ ਗਈ ਹੈ ਤੇ ਜਲਦੀ ਹੀ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਅਮਰੀਕੀ ਫ਼ੌਜ ਦੀ ਮੁਕੰਮਲ ਰਵਾਨਗੀ ਤੋਂ ਬਾਅਦ ਅਫ਼ਗਾਨਿਸਤਾਨ ਦੀ ਕਮਾਨ ਹੁਣ ਤਾਲਿਬਾਨ ਦੇ ਹੱਥ ਹੈ ਤੇ ਕਾਬੁਲ ਵਿਚ ਆਗੂਆਂ ਨੇ ਭਵਿੱਖੀ ਸਰਕਾਰ ਬਾਰੇ ਵਿਚਾਰ-ਚਰਚਾ ਨੂੰ ਸਿਰੇ ਚਾੜ੍ਹਿਆ ਹੈ। ‘ਇਸਲਾਮਿਕ ਅਮੀਰਾਤ ਅਫ਼ਗਾਨਿਸਤਾਨ’ ਦੇ ਅਧਿਕਾਰੀਆਂ ਨੇ ਕਿਹਾ ਕਿ ‘ਸੁਪਰੀਮ ਲੀਡਰ’ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਦੀ ਅਗਵਾਈ ਵਿਚ ਚੱਲ ਰਹੀ ਚਰਚਾ ਸੋਮਵਾਰ ਨੂੰ ਖ਼ਤਮ ਹੋ ਗਈ। ‘ਖਾਮਾ ਨਿਊਜ਼’ ਮੁਤਾਬਕ ਮੁੱਲ੍ਹਾ ਹਿਬਾਤੁੱਲ੍ਹਾ ਜੋ ਕਿ ਹਾਲ ਹੀ ਵਿਚ ਕੰਧਾਰ ਸੂਬੇ ਤੋਂ ਅਫ਼ਗਾਨ ਰਾਜਧਾਨੀ ਆਏ ਸਨ, ਨੇ ਕਈ ਕਬੀਲਿਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਨਵੀਂ ਸਰਕਾਰ ਬਾਰੇ ਐਲਾਨ ਲਈ ਹਾਲੇ ਕੋਈ ਪੱਕੀ ਤਰੀਕ ਤਾਂ ਨਹੀਂ ਦਿੱਤੀ ਗਈ ਪਰ ਤਾਲਿਬਾਨ ਦੇ ਕਾਰਜਕਾਰੀ ਸੂਚਨਾ ਤੇ ਸਭਿਆਚਾਰ ਮੰਤਰੀ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਇਸ ਬਾਰੇ ਐਲਾਨ ਦੋ ਹਫ਼ਤਿਆਂ ਵਿਚ ਕਰ ਦਿੱਤਾ ਜਾਵੇਗਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਨੇ ਇਹ ਵੀ ਕਿਹਾ ਸੀ ਕਿ ਪੁਰਾਣੀ ਸਰਕਾਰ ਵਿਚਲੀਆਂ ਹਸਤੀਆਂ ਨਵੀਂ ਦਾ ਹਿੱਸਾ ਨਹੀਂ ਹੋਣਗੀਆਂ ਕਿਉਂਕਿ ਉਹ ਨਾਕਾਮ ਹੋਏ ਹਨ ਤੇ ਲੋਕ ਉਨ੍ਹਾਂ ਨੂੰ ਸੱਤਾ ਵਿਚ ਨਹੀਂ ਦੇਖਣਾ ਚਾਹੁੰਦੇ। ਇਸੇ ਦੌਰਾਨ ਦੋਹਾ ਸਥਿਤ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਉਪ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਖੇਤਰੀ ਮੁਲਕਾਂ ਦੇ ਨੁਮਾਇੰਦਿਆਂ ਨਾਲ ਰਾਬਤਾ ਕਰ ਰਹੇ ਹਨ। ਦਫ਼ਤਰ ਦੇ ਤਰਜਮਾਨ ਨਈਮ ਵਰਦਕ ਨੇ ਕਿਹਾ ਕਿ ਅੱਬਾਸ ਕਈ ਮੁਲਕਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਯਕੀਨ ਦਿਵਾ ਰਹੇ ਹਨ ਕਿ ਅਫ਼ਗਾਨਿਸਤਾਨ ਕਿਸੇ ਲਈ ਖ਼ਤਰਾ ਨਹੀਂ ਬਣੇਗਾ। ਕਾਬੁਲ ਹਵਾਈ ਅੱਡਾ ਫ਼ਿਲਹਾਲ ਬੰਦ ਹੋਣ ਕਾਰਨ ਦੇਸ਼ ਛੱਡਣਾ ਚਾਹੁੰਦੇ ਤੇ ਡਰੇ ਹੋਏ ਅਫ਼ਗਾਨਾਂ ਦਾ ਸਬਰ ਟੁੱਟ ਗਿਆ ਹੈ। ਹਜ਼ਾਰਾਂ ਲੋਕ ਪਾਕਿਸਤਾਨ, ਇਰਾਨ ਨਾਲ ਲੱਗਦੀ ਸਰਹੱਦ ਨੇੜੇ ਦੇਖੇ ਗਏ ਹਨ। ਮੁਲਕ ਦੀਆਂ ਬੈਕਾਂ ਅੱਗੇ ਵੀ ਲੋਕਾਂ ਦੀ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਬਾਹਰਲੇ ਮੁਲਕਾਂ ਨੂੰ ਹੁਣ ਸਮਝ ਨਹੀਂ ਆ ਰਿਹਾ ਹੈ ਕਿ ਮਨੁੱਖੀ ਸੰਕਟ ਨੂੰ ਹੱਲ ਕਿਵੇਂ ਕੀਤਾ ਜਾਵੇ, ਮਦਦ ਕਿਵੇਂ ਭੇਜੀ ਜਾਵੇ। ਅਮਰੀਕਾ ਦੀ ਰਵਾਨਗੀ ਤੋਂ ਬਾਅਦ ਤਾਲਿਬਾਨ ਨੇ ਬੈਂਕਾਂ, ਹਸਪਤਾਲਾਂ ਤੇ ਸਰਕਾਰੀ ਇਕਾਈਆਂ ਨੂੰ ਚੱਲਦੇ ਰੱਖਣ ਉਤੇ ਧਿਆਨ ਕੇਂਦਰਤ ਕੀਤਾ ਹੈ। ਅਫ਼ਗਾਨ-ਪਾਕਿ ਸਰਹੱਦ ‘ਤੇ ਤੋਰਖਾਮ ਉਤੇ ਤਾਇਨਾਤ ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ‘ਵੱਡੀ ਗਿਣਤੀ ਲੋਕ ਅਫ਼ਗਾਨਿਸਤਾਨ ਵਾਲੇ ਪਾਸੇ ਗੇਟ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।’ ਇਰਾਨ ਨਾਲ ਲੱਗਦੀ ਇਸਲਾਮ ਕਲਾ ਪੋਸਟ ਉਤੇ ਵੀ ਹਜ਼ਾਰਾਂ ਲੋਕ ਮੌਜੂਦ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਅਗਵਾਈ ਵਿਚ ਵੱਖ-ਵੱਖ ਮੁਲਕਾਂ ਨੇ ਕਾਬੁਲ ਤੋਂ 1,23,000 ਲੋਕਾਂ ਨੂੰ ਏਅਰਲਿਫਟ ਕੀਤਾ ਹੈ। ਇਕੱਲੇ ਜਰਮਨੀ ਨੇ ਹੀ ਅੰਦਾਜ਼ਾ ਲਾ ਕੇ ਦੱਸਿਆ ਹੈ ਕਿ 10-40 ਹਜ਼ਾਰ ਅਫ਼ਗਾਨ ਸਟਾਫ਼ ਹਾਲੇ ਵੀ ਕਈ ਸੰਗਠਨਾਂ ਲਈ ਅਫ਼ਗਾਨਿਸਤਾਨ ਵਿਚ ਕੰਮ ਕਰ ਰਿਹਾ ਹੈ। ਜੇ ਉਹ ਖ਼ਤਰਾ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਜਰਮਨੀ ਆਉਣ ਦਾ ਹੱਕ ਹੈ। -ਏਪੀ/ਆਈਏਐਨਐੱਸ

ਅਫ਼ਗਾਨਿਸਤਾਨ ਬਾਰੇ ਭਾਰਤ ਵੱਲੋਂ ਬਰਤਾਨੀਆ ਨਾਲ ਮੁੜ ਰਾਬਤਾ

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਬਰਤਾਨਵੀ ਹਮਰੁਤਬਾ ਡੌਮੀਨਿਕ ਰਾਬ ਨਾਲ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਹੈ। ਹਫ਼ਤੇ ਵਿਚ ਦੋਵਾਂ ਆਗੂਆਂ ਨੇ ਦੂਜੀ ਵਾਰ ਵਿਚਾਰ-ਚਰਚਾ ਕੀਤੀ ਹੈ। ਅਫ਼ਗਾਨਿਸਤਾਨ ਵਿਚ ਲਗਾਤਾਰ ਬਦਲ ਰਹੀ ਸਥਿਤੀ ‘ਤੇ ਭਾਰਤ ਸਾਰੇ ਵੱਡੇ ਮੁਲਕਾਂ ਨਾਲ ਰਾਬਤਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਤੇ ਰਾਬ ਨੇ 25 ਅਗਸਤ ਨੂੰ ਗੱਲਬਾਤ ਕੀਤੀ ਸੀ। ਅੱਜ ਜੈਸ਼ੰਕਰ ਨੇ ਓਮਾਨ ਦੇ ਵਿਦੇਸ਼ ਮੰਤਰੀ ਸਈਅਦ ਬਦਰ ਅਲ ਬੁਸੈਦੀ ਨਾਲ ਰਾਬਤਾ ਕੀਤਾ। ਭਾਰਤ ਦੀ ਉਡਾਣਾਂ ਚਲਾਉਣ ਵਿਚ ਮਦਦ ਕਰਨ ‘ਤੇ ਜੈਸ਼ੰਕਰ ਨੇ ਓਮਾਨ ਦੇ ਵਿਦੇਸ਼ ਮੰਤਰੀ ਦਾ ਧੰਨਵਾਦ ਵੀ ਕੀਤਾ।

ਤਾਲਿਬਾਨ ਵੱਲੋਂ ਪੰਜਸ਼ੀਰ ਨੂੰ ਸ਼ਾਂਤੀ ਸਮਝੌਤੇ ਦਾ ਸੱਦਾ

ਕਾਬੁਲ: ਤਾਲਿਬਾਨ ਨੇ ਅੱਜ ਕਿਹਾ ਕਿ ਉਨ੍ਹਾਂ ਨਵੇਂ ਸ਼ਾਸਕਾਂ ਦਾ ਵਿਰੋਧ ਕਰ ਰਹੇ ਇਕੋ ਇਕ ਸੂਬੇ ਪੰਜਸ਼ੀਰ ਨੂੰ ਚੁਫੇਰਿਓਂ ਘੇਰ ਲਿਆ ਹੈ ਤੇ ਬਾਗ਼ੀਆਂ ਨੂੰ ਸ਼ਾਂਤੀ ਸਮਝੌਤੇ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਤਾਲਿਬਾਨ ਨੇ ਲਗਭਰ ਪੂਰੇ ਅਫ਼ਗਾਨਿਸਤਾਨ ਉਤੇ ਕਬਜ਼ਾ ਕਰ ਲਿਆ ਸੀ ਪਰ ਪੰਜਸ਼ੀਰ ਸੂਬਾ ਅਜੇ ਵੀ ਤਾਲਿਬਾਨ ਦਾ ਵਿਰੋਧ ਕਰ ਰਿਹਾ ਹੈ। ਦੋਵਾਂ ਧਿਰਾਂ ਦਾ ਟਕਰਾਅ ਵੀ ਹੋਇਆ ਹੈ। ਪੰਜਸ਼ੀਰ ਦੇ ਲੜਾਕੇ ਸਾਬਕਾ ਮੁਜਾਹਿਦੀਨ ਕਮਾਂਡਰ ਦੇ ਪੁੱਤਰ ਅਹਿਮਦ ਮਸੂਦ ਦੀ ਅਗਵਾਈ ਵਿਚ ਇਕੱਠੇ ਹੋ ਕੇ ਤਾਲਿਬਾਨ ਦਾ ਵਿਰੋਧ ਕਰ ਰਹੇ ਹਨ। ਤਾਲਿਬਾਨ ਦੇ ਇਕ ਆਗੂ ਨੇ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਹੈ। ਉਸ ਨੇ ਨਾਲ ਹੀ ਕਿਹਾ ਕਿ ਅਫ਼ਗਾਨਿਸਤਾਨ ਸਾਰੇ ਅਫ਼ਗਾਨਾਂ ਦਾ ਘਰ ਹੈ। -ਰਾਇਟਰਜ਼

‘ਤਾਲਿਬਾਨ ਨਾਲ ਗੱਲਬਾਤ ਦਾ ਮਤਲਬ ਮਾਨਤਾ ਦੇਣਾ ਨਹੀਂ’

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਤਾਲਿਬਾਨ ਨਾਲ ਰਸਮੀ ਤੌਰ ‘ਤੇ ਰਾਬਤਾ ਕਰਨ ਦਾ ਇਹ ਮਤਲਬ ਨਾ ਕੱਢਿਆ ਜਾਵੇ ਕਿ ਉਸ ਨੇ ਜਥੇਬੰਦੀ ਨੂੰ ‘ਮਾਨਤਾ’ ਦੇ ਦਿੱਤੀ ਹੈ। ਸੂਤਰਾਂ ਨੇ ਖ਼ਬਰ ਏਜੰਸੀ ‘ਏਐਨਆਈ’ ਨੂੰ ਦੱਸਿਆ ਕਿ ਭਾਰਤ ਨੂੰ ‘ਉਡੀਕੋ ਤੇ ਵੇਖੋ’ ਦੀ ਨੀਤੀ ਤਹਿਤ ਅਫ਼ਗ਼ਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਉਡੀਕ ਹੈ। ਨਵੀਂ ਸਰਕਾਰ ਬਣਨ ਮਗਰੋਂ ਤਾਲਿਬਾਨ ਆਪਣੇ ਕੀਤੇ ਵਾਅਦਿਆਂ ‘ਤੇ ਪੂਰਾ ਉਤਰਦਾ ਹੈ ਜਾਂ ਨਹੀਂ, ਇਸ ‘ਤੇ ਵੀ ਭਾਰਤ ਦੀ ਨਜ਼ਰ ਰਹੇਗੀ। ਉਸ ਤੋਂ ਬਾਅਦ ਹੀ ਤਾਲਿਬਾਨ ਨੂੰ ਮਾਨਤਾ ਦੇਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ।

ਭਾਰਤ ਦਾ ਅਰਬਾਂ ਡਾਲਰਾਂ ਦਾ ਨਿਵੇਸ਼ ਤੇ 500 ਪ੍ਰਾਜੈਕਟ ਦਾਅ ‘ਤੇ ਲੱਗੇ

ਭਾਰਤ ਲਗਾਤਾਰ ਅਫ਼ਗਾਨਿਸਤਾਨ ਦੀ ਸਥਿਤੀ ਉਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਕਤਰ ਵਿਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਮੰਗਲਵਾਰ ਤਾਲਿਬਾਨ ਦੇ ਸੀਨੀਅਰ ਆਗੂ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਵੀ ਮੁਲਾਕਾਤ ਕੀਤੀ ਸੀ। ਦੋਵਾਂ ਧਿਰਾਂ ਵਿਚਾਲੇ ਇਹ ਪਹਿਲਾ ਰਸਮੀ ਤੇ ਜਨਤਕ ਤੌਰ ਉਤੇ ਸਾਹਮਣੇ ਆਈ ਮਿਲਣੀ ਸੀ। ਇਹ ਮੁਲਾਕਾਤ ਤਾਲਿਬਾਨ ਦੀ ਬੇਨਤੀ ਉਤੇ ਦੋਹਾ ਸਥਿਤ ਭਾਰਤੀ ਦੂਤਾਵਾਸ ਵਿਚ ਹੋਈ ਸੀ। ਜ਼ਿਕਰਯੋਗ ਹੈ ਕਿ ਭਾਰਤ ਦੇ ਅਫ਼ਗਾਨਿਸਤਾਨ ਨਾਲ ਵੱਡੇ ਹਿੱਤ ਜੁੜੇ ਹੋਏ ਹਨ। ਭਾਰਤ ਨੇ ਉੱਥੇ ਕਰੀਬ ਤਿੰਨ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਤੇ ਪੂਰੇ ਅਫ਼ਗਾਨਿਸਤਾਨ ਵਿਚ 500 ਪ੍ਰਾਜੈਕਟ ਚੱਲ ਰਹੇ ਹਨ। -ਪੀਟੀਆਈSource link