ਮੋਗਾ ’ਚ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਤੇ ਪੁਲੀਸ ਵਿਚਾਲੇ ਟਕਰਾਅ, ਪੱਗਾਂ ਲੱਥੀਆਂ


ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਸਤੰਬਰ

‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ ਵੱਲ ਜਾਣ ਲੱਗੇ ਤਾਂ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਇਸ ਮੌਕੇ ਧੱਕਾ ਮੁੱਕੀ ‘ਚ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਿਤੀ ਬੇਹੱਦ ਤਣਾਅਪੂਰਨ ਵਾਲੀ ਬਣ ਗਈ ਅਤੇ ਐੱਸਪੀ ਜਗਤਪ੍ਰੀਤ ਸਿੰਘ ਨੇ ਖੁਦ ਵੀ ਹੱਥ ਵਿੱਚ ਡਾਂਗ ਚੁੱਕ ਲਈ। ਪੁਲੀਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ‘ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਸਿਰਫ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਪੁਲੀਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੀ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਕੁਝ ਕਿਸਾਨ ਆਗੂ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਏ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯਨੀਅਨ ਆਗੂ ਬਲਦੇਵ ਸਿੰਘ ਜ਼ੀਰਾ, ਲੋਕ ਸੰਗਰਾਮ ਮੰਚ ਸੂਬਾ ਪ੍ਰਧਾਨ ਤਾਰਾ ਸਿੰਘ, ਗੁਰਦੀਪ ਸਿੰਘ ਵੈਰੋਕੇ, ਪਰਮਿੰਦਰ ਬਰਾੜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸੰਯੁਕਤ ਮੋਰਚੇ ਦੇ ਸੱਦੇ ਉੱਤੇ ਇਹ ਵਿਰੋਧ ਜਾਰੀ ਰਹੇਗਾ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 100 ਦਿਨ ਦੀ ਹਲਕਾ ਵਾਰ ਬੈਠਕਾਂ ਤੇ ਚੋਣ ਰੈਲੀਆਂ ਕਰ ਰਹੇ ਹਨ। ਇਸ ਕੜੀ ਤਹਿਤ ਉਹ ਮੋਗਾ ਵਿਖੇ ਰੈਲੀ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਵਿਧਾਨ ਸਭਾ ਹਲਕਾ ਧਰਮਕੋਟ ਵਿਖੇ ਵਰਕਰਾਂ ਨੂੰ ਮੀਟਿੰਗ ਕਰਨ ਪੁੱਜ ਰਹੇ। ਉਨ੍ਹਾਂ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।



Source link