ਚੰਡੀਗੜ੍ਹ: ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਪੈਦਲ ਮਾਰਚ, ਮੁੱਖ ਮੰਤਰੀ ਨੂੰ ਮੰਗ ਪੱਤਰ


ਆਤਿਸ਼ ਗੁਪਤਾ
ਚੰਡੀਗੜ੍ਹ, 3 ਸਤੰਬਰ

ਸਰਕਾਰੀ ਕਾਲਜ ਬਚਾਓ ਮੰਚ ਪੰਜਾਬ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਚੰਡੀਗੜ੍ਹ ਮਟਕਾ ਚੌਕ ਵਿੱਚ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਮੰਚ ਦੇ ਆਗੂ ਵਿਧਾਨ ਸਭਾ ਵੱਲ ਪੈਦਲ ਮਾਰਚ ਕਰਦੇ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਵਿਧਾਨ ਸਭਾ ਤੋਂ ਕੁਝ ਦੂਰੀ ‘ਤੇ ਆਗੂਆਂ ਨੂੰ ਰੋਕ ਲਿਆ। ਇਸ ਤੋਂ ਬਾਅਦ ਪੁਲੀਸ ਨੇ ਮੰਚ ਦੇ 5 ਮੈਂਬਰੀ ਵਫਦ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਲਿਜਾ ਕੇ ਓਐੱਸਡੀ ਅੰਕਿਤ ਬਾਂਸਲ ਨੂੰ ਮੰਗ ਪੱਤਰ ਦਵਾਇਆ। ਮੰਚ ਦੇ ਆਗੂ ਡਾਕਟਰ ਰਵੀ ਨੇ ਦੱਸਿਆ ਕਿ ਪੰਜਾਬ ਦੀ ਆਬਾਦੀ ਤਿੰਨ ਕਰੋੜ ਦੇ ਕਰੀਬ ਹੈ, ਜਦ ਕਿ ਸਰਕਾਰੀ ਕਾਲਜਾਂ ਦੀ ਗਿਣਤੀ ਸਿਰਫ 47 ਰਹਿ ਗਈ ਹੈ। ਉਨ੍ਹਾਂ ਵਿੱਚ ਜ਼ਿਆਦਾਤਰ ਪ੍ਰੋਫ਼ੈਸਰ ਠੇਕੇ ‘ਤੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਰਾਜ ਦੇ ਸਰਕਾਰੀ ਕਾਲਜਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ। ਸੈਲਫ ਫਾਈਨਾਂਸ ਕੋਰਸ ਨੂੰ ਸਰਕਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਸੂਬੇ ਵਿੱਚ ਹੋਰ ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾਣ, ਜਿਸ ਨਾਲ ਵੱਧ ਤੋਂ ਵੱਧ ਲੋਕ ਸਰਕਾਰੀ ਕਾਲਜਾਂ ਦਾ ਲਾਭ ਲੈ ਸਕਣ।Source link